ਹਸਪਤਾਲ ’ਚ ਮਰੀਜ਼ ਵੱਲੋਂ ਭੰਨਤੋੜ, ਦਾਤਰ ਨਾਲ ਹਮਲਾ
ਨਡਾਲਾ ਦੇ ਵਾਲੀਆ ਹਸਪਤਾਲ ਵਿੱਚ ਮਰੀਜ਼ ਵੱਲੋਂ ਭੰਨਤੋੜ, ਦਾਤਰ ਨਾਲ ਹਮਲਾ ਕਰਨ ਦੀ ਕੋਸ਼ਿਸ਼
Publish Date: Sat, 31 Jan 2026 07:40 PM (IST)
Updated Date: Sat, 31 Jan 2026 07:43 PM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਕਸਬਾ ਨਡਾਲਾ ਦੇ ਬੇਗੋਵਾਲ ਰੋਡ ਸਥਿਤ ਵਾਲੀਆ ਹਸਪਤਾਲ ਵਿਚ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਬਣ ਗਈ, ਜਦੋਂ ਇਕ ਮਰੀਜ਼ ਨੇ ਇਲਾਜ ਦੇ ਬਕਾਇਆ ਪੈਸੇ ਮੰਗੇ ਜਾਣ ’ਤੇ ਗੁੱਸੇ ਵਿਚ ਆ ਕੇ ਹਸਪਤਾਲ ਅੰਦਰ ਭੰਨਤੋੜ ਕਰ ਦਿੱਤੀ। ਹਮਲਾਵਰ ਵੱਲੋਂ ਦਾਤਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਹਸਪਤਾਲ ਸਟਾਫ ਤੇ ਮਰੀਜ਼ਾਂ ਵਿਚ ਦਹਿਸ਼ਤ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਚਾਰ-ਪੰਜ ਦਿਨ ਪਹਿਲਾਂ ਨਡਾਲਾ ਦੇ ਇਕ ਪਰਿਵਾਰ ਵੱਲੋਂ ਉਕਤ ਵਿਅਕਤੀ ਦਾ ਇਲਾਜ ਕਰਵਾਇਆ ਗਿਆ ਸੀ, ਜਿਸਦੇ ਲਗਪਗ 2 ਹਜ਼ਾਰ ਰੁਪਏ ਬਕਾਇਆ ਸਨ। ਜਦੋਂ ਸ਼ਨੀਵਾਰ ਦੀ ਦੁਪਹਿਰ ਕਰੀਬ ਢਾਈ ਵਜੇ ਉਸ ਵਿਅਕਤੀ ਤੋਂ ਬਕਾਇਆ ਰਕਮ ਦੀ ਮੰਗ ਕੀਤੀ ਗਈ, ਤਾਂ ਉਹ ਹਸਪਤਾਲ ਆ ਕੇ ਡਾਕਟਰ ਤੇ ਸਟਾਫ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ। ਡਾ. ਕਰਮਜੀਤ ਸਿੰਘ ਮੁਤਾਬਕ, ਗੁੱਸੇ ਵਿਚ ਆ ਕੇ ਉਸ ਵਿਅਕਤੀ ਨੇ ਪਹਿਲਾਂ ਹਸਪਤਾਲ ਦੇ ਬਾਹਰ ਲੱਗਾ ਸ਼ੀਸ਼ਾ ਤੋੜ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਉਹ ਆਪਣੇ ਇਕ ਸਾਥੀ ਨਾਲ ਹੱਥ ਵਿਚ ਦਾਤਰ ਫੜ ਕੇ ਮੁੜ ਹਸਪਤਾਲ ਆਇਆ ਤੇ ਡਾਕਟਰ ਦੇ ਦਫ਼ਤਰ ਦੇ ਸ਼ੀਸ਼ਿਆਂ ਦੀ ਭੰਨਤੋੜ ਕਰਕੇ ਉਥੋਂ ਚਲਾ ਗਿਆ। ਇਸ ਦੌਰਾਨ ਸਟਾਫ ਨਰਸਾਂ, ਡਾਕਟਰਾਂ ਤੇ ਮਰੀਜ਼ਾਂ ਨੇ ਹਸਪਤਾਲ ਤੋਂ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਕਾਰਨ ਹਸਪਤਾਲ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਇਲਾਜ ਕਰਵਾ ਰਹੇ ਹੋਰ ਮਰੀਜ਼ਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪਰ ਲਗਭਗ ਦੋ ਘੰਟੇ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ’ਤੇ ਨਹੀਂ ਪਹੁੰਚਿਆ। ਪੁਲਿਸ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਕਾਰਨ ਪੁਲਿਸ ਡਿਊਟੀ ਹੋਰ ਥਾਵਾਂ ’ਤੇ ਲੱਗੀ ਹੋਈ ਹੈ। ਬਾਅਦ ਵਿਚ ਥਾਣਾ ਸੁਭਾਨਪੁਰ ਤੋਂ ਦੋ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮਾਮਲੇ ਬਾਰੇ ਥਾਣਾ ਮੁਖੀ ਸੁਭਾਨਪੁਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਪੱਖ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।