ਮਿੱਠੜਾ ਦੀਆਂ ਵਿਦਿਆਰਥਣਾਂ ਰਾਸ਼ਟਰੀ ਕੈਂਪ ’ਚ ਲਿਆ ਹਿੱਸਾ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਏਕੀਕਰਨ ਕੈਂਪ ਵਿੱਚ ਭਾਗੀਦਾਰੀ
Publish Date: Thu, 19 Mar 2026 09:42 PM (IST)
Updated Date: Thu, 19 Mar 2026 09:46 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਏਕੀਕਰਨ ਕੈਂਪ ਵਿਚ ਭਾਗ ਲਿਆ। ਇਹ ਕੈਂਪ ਮਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੱਤ ਰੋਜ਼ਾ ਕੈਂਪ ਮਿਤੀ 6 ਮਾਰਚ ਤੋਂ 12 ਮਾਰਚ 2026 ਤੱਕ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਹਿਸਾਰ (ਹਰਿਆਣਾ) ਵਿਖੇ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਤੋਂ ਬੀਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਜਸ਼ਨਦੀਪ ਕੌਰ ਨੇ ਸਰਗਰਮ ਭਾਗੀਦਾਰੀ ਲਈ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਰਾਸ਼ਟਰੀ ਏਕਤਾ, ਭਾਈਚਾਰੇ ਤੇ ਸਭਿਆਚਾਰਕ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਕੈਂਪ ਦੌਰਾਨ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ, ਵਿਚਾਰ-ਚਰਚਾਵਾਂ, ਲੈਕਚਰਾਂ ਤੇ ਸਮਾਜਿਕ ਸੇਵਾ ਦੇ ਕਾਰਜਾਂ ਵਿਚ ਭਾਗ ਲੈ ਕੇ ਆਪਸੀ ਸਾਂਝ ਤੇ ਸਮਝ ਨੂੰ ਵਧਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਵਿਦਿਆਰਥਣਾਂ ਦੀ ਇਸ ਉਪਲਬਧੀ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਦੇ ਵਿਅਕਤੀਗਤ ਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਰਾਸ਼ਟਰੀ ਪੱਧਰ ਦੇ ਕੈਂਪ ਵਿਦਿਆਰਥੀਆਂ ਨੂੰ ਵਿਭਿੰਨ ਸੰਸਕ੍ਰਿਤੀਆਂ ਤੋਂ ਜਾਣੂ ਕਰਵਾਉਂਦੇ ਹਨ ਤੇ ਉਨ੍ਹਾਂ ਵਿਚ ਸਹਿਯੋਗ, ਅਨੁਸ਼ਾਸਨ ਤੇ ਅਗਵਾਈ ਦੇ ਗੁਣਾਂ ਨੂੰ ਵਿਕਸਿਤ ਕਰਦੇ ਹਨ। ਕੈਂਪ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਕੈਂਪ ਉਨ੍ਹਾਂ ਲਈ ਬਹੁਤ ਹੀ ਸਿਖਲਾਈ ਭਰਪੂਰ ਤੇ ਯਾਦਗਾਰ ਰਿਹਾ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨਾਲ ਮਿਲਣ-ਜੁਲਣ ਨਾਲ ਉਨ੍ਹਾਂ ਦੀ ਸੋਚ ਵਿਚ ਵਾਧਾ ਹੋਇਆ ਤੇ ਉਨ੍ਹਾਂ ਨੂੰ ਵੱਖ ਵੱਖ ਸੱਭਿਆਚਾਰਾਂ ਬਾਰੇ ਜਾਣਨ ਦਾ ਮੌਕਾ ਮਿਲਿਆ।