ਸੰਘਣੀ ਧੁੰਦ ਅਤੇ ਭਾਰੀ ਠੰਢ ਕਾਰਨ ਬੱਚਿਆਂ ਦੇ ਮਾਪੇ ਪਰੇਸ਼ਾਨ
ਸੰਘਣੀ ਧੁੰਦ ਅਤੇ ਭਾਰੀ ਠੰਢ ਦੇ ਚਲਦਿਆਂ ਬੱਚਿਆਂ ਦੇ ਮਾਪੇ ਚਿੰਤਤ
Publish Date: Thu, 15 Jan 2026 08:27 PM (IST)
Updated Date: Thu, 15 Jan 2026 08:30 PM (IST)
ਅਧਿਆਪਕ ਜਥੇਬੰਦੀਆਂ ਅਤੇ ਮਾਪਿਆਂ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਬੀਤੇ ਕੁੱਝ ਦਿਨਾਂ ਤੋਂ ਸੰਘਣੀ ਧੁੰਦ ਅਤੇ ਭਾਰੀ ਠੰਡ ਦੇ ਚਲਦਿਆਂ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਮੁੱਚੇ ਸਕੂਲਾਂ ਵਿਚ 13 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਸਨ ਪਰ ਭਾਰੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਅੱਜ ਸਮੁੱਚੇ ਸਕੂਲ ਖੁੱਲ ਗਏ ਹਨ। ਇਸ ਦੌਰਾਨ ਸੰਘਣੀ ਧੁੰਦ ਕਾਰਨ ਸੰਗਰੂਰ ਵਿਖੇ ਸਕੂਲੀ ਬੱਸ ਨਾਲ ਹੋਏ ਹਾਦਸੇ ਤੋਂ ਬਾਅਦ ਬੱਚਿਆਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ। ਪੈਰੇਂਟਸ ਐਸੋਸੀਏਸ਼ਨ ਦੇ ਆਗੂਆਂ ਅਮਿਤਾਬ ਸੇਠੀ, ਪੁਸ਼ਪਿੰਦਰ ਸਿੰਘ ਮੋਮੀ, ਕਿਸਾਨ ਆਗੂ ਗੁਰਪ੍ਰੀਤ ਸਿੰਘ ਕੌੜਾ, ਕਿਸਾਨ ਆਗੂ ਸਰਵਣ ਸਿੰਘ ਕਰਮਜੀਤਪੁਰ, ਜਸਵਿੰਦਰ ਸਿੰਘ ਟਿੱਬਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਵਿਚ ਬੀਤੇ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਅਜੇ ਵੀ ਲਗਾਤਾਰ ਜਾਰੀ ਹੈ। ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਬੱਚੇ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਦੇ ਸਕੂਲਾਂ ਵਿਚ ਪੜਦੇ ਹਨ ਅਤੇ ਰੋਜ਼ਨਾ ਹੀ ਸਕੂਲਾਂ ਦੀਆਂ ਨਿੱਜੀ ਬੱਸਾਂ ਰਾਹੀਂ ਜਾਂਦੇ ਹਨ। ਇਹ ਬੱਸਾਂ ਸਵੇਰੇ 7 ਵਜੇ ਤੋਂ ਹੀ ਬੱਚਿਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਜਦਕਿ ਉਸ ਵੇਲੇ ਬਹੁਤ ਸੰਘਣੀ ਧੁੰਦ ਹੁੰਦੀ ਹੈ। ਮਾਪਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਛੋਟੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਜਾਣ ਅਤੇ ਵੱਡਿਆਂ ਬੱਚਿਆਂ ਦੇ ਸਕੂਲ ਸਮੇਂ ਵਿਚ ਤਬਦੀਲੀ ਕੀਤੀ ਜਾਵੇ। ਇਸੇ ਤਰਾਂ ਅਧਿਆਪਕ ਜਥੇਬੰਦੀਆਂ, ਜਿਨ੍ਹਾਂ ਵਿਚ ਗੌਰਮਿੰਟ ਟੀਚਰਜ਼ ਯੂਨੀਅਨ, ਡੀਟੀਐੱਫ, ਮਾਸਟਰ ਕੇਡਰ ਯੂਨੀਅਨ, ਅਧਿਆਪਕ ਦਲ, ਈਟੀਟੀ ਤੇ ਐਲਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂਆਂ ਸੁਖਚੈਨ ਸਿੰਘ, ਹਰਵਿੰਦਰ ਸਿੰਘ ਅੱਲੂਵਾਲ, ਮਾਸਟਰ ਨਰੇਸ਼ ਕੋਹਲੀ, ਸੁਖਦਿਆਲ ਸਿੰਘ ਝੰਡ, ਰਸ਼ਪਾਲ ਸਿੰਘ ਵੜੈਚ, ਨਵਜੀਤ ਜੌਲੀ ਆਦਿ ਨੇ ਮੰਗ ਕੀਤੀ ਹੈ ਕਿ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਪਹਿਲੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਜਾਣ ਅਤੇ ਨੌਂਵੀ ਤੋਂ ਬਾਰਵੀਂ ਤੱਕ ਦੇ ਬੱਚਿਆਂ ਲਈ ਸਕੂਲ ਦਾ ਸਮਾਂ ਸਵੇਰੇ 10.30 ਵਜੇ ਕੀਤਾ ਜਾਵੇ।