ਫਗਵਾੜਾ ’ਚ ਲਗਾਇਆ ਪੰਚਾਇਤ ਟਰੇਨਿੰਗ ਕੈਂਪ
ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਲਗਾਇਆ ਪੰਚਾਇਤ ਟਰੇਨਿੰਗ ਕੈਂਪ
Publish Date: Thu, 15 Jan 2026 06:32 PM (IST)
Updated Date: Thu, 15 Jan 2026 06:33 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਰਾਜ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਵੱਲੋਂ ਨਵੀਂ ਬਣੀਆਂ ਪੰਚਾਇਤਾਂ ਨੂੰ ਪੰਚਾਇਤਾਂ ਦੀ ਕਾਰਜ ਪ੍ਰਣਾਲੀ ਤੇ ਪੰਚਾਇਤਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ, ਪਿੰਡਾਂ ਦੇ ਸਰਵਾਂਗੀਣ ਵਿਕਾਸ ਅਤੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੀ ਤਿਆਰੀ ‘ਸਾਡੀ ਯੋਜਨਾ, ਸਾਡਾ ਵਿਕਾਸ’ ਤਹਿਤ ਇਕ ਰੋਜ਼ਾ ਟਰੇਨਿੰਗ ਕੈਂਪ ਬੀਡੀਪੀਓ ਦਫਤਰ ਫਗਵਾੜਾ ਵਿਖੇ ਲਗਾਇਆ ਗਿਆ। ਇਸ ਟਰੇਨਿੰਗ ਪ੍ਰੋਗਰਾਮ ਵਿਚ ਬਲਾਕ ਫਗਵਾੜਾ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ, ਪੰਚਾਂ, ਆਸ਼ਾ ਵਰਕਰਾਂ, ਆਂਗਨਬਾੜੀ ਵਰਕਰਾਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਗੁਰਪਿੰਦਰ ਸਿੰਘ ਐੱਮਆਰਪੀ ਅਤੇ ਸੁਭਾਸ਼ ਸਿੰਘ ਆਰਪੀ ਨੇ ਕਿਹਾ ਕਿ ਪੰਚਾਇਤਾਂ ਪਿੰਡਾਂ ਦੇ ਵਿਕਾਸ ਦੀ ਨੀਂਹ ਹੁੰਦੀਆਂ ਹਨ ਤੇ ਉਨ੍ਹਾਂ ਦੀ ਸਹੀ ਟਰੇਨਿੰਗ ਨਾਲ ਹੀ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਅਤੇ ਪੰਚ ਲੋਕਾਂ ਅਤੇ ਸਰਕਾਰ ਦਰਮਿਆਨ ਇਕ ਮਹੱਤਵਪੂਰਨ ਕੜੀ ਹਨ, ਇਸ ਲਈ ਉਨ੍ਹਾਂ ਦਾ ਜਾਗਰੂਕ ਅਤੇ ਜ਼ਿੰਮੇਵਾਰ ਹੋਣਾ ਬਹੁਤ ਲਾਜ਼ਮੀ ਹੈ। ਬੁਲਾਰਿਆਂ ਨੇ ਪੰਚਾਇਤੀ ਰਾਜ ਐਕਟ, ਗ੍ਰਾਮ ਸਭਾ ਦੀ ਭੂਮਿਕਾ, ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣ ਦੀ ਪ੍ਰਕਿਰਿਆ, ਵਿੱਤੀ ਪ੍ਰਬੰਧਨ, ਸਰਕਾਰੀ ਫੰਡਾਂ ਦੀ ਸਹੀ ਵਰਤੋਂ ਅਤੇ ਰਿਕਾਰਡ ਸੰਭਾਲਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਫ਼ਾਈ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਗਲੀਆਂ-ਨਾਲੀਆਂ, ਸਟਰੀਟ ਲਾਈਟਾਂ, ਠੋਸ ਕੂੜਾ ਪ੍ਰਬੰਧਨ, ਸਿਹਤ ਅਤੇ ਸਿੱਖਿਆ ਨਾਲ ਜੁੜੇ ਮਸਲਿਆਂ ਬਾਰੇ ਵੀ ਵਢਮੁੱਲੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕਰਨ ਅਤੇ ਉਨ੍ਹਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ। ਕੈਂਪ ਦੌਰਾਨ ਲੋਕ ਯੋਜਨਾ ਮੁਹਿੰਮ 2026-27 ਬਾਰੇ ਮੁੱਢਲੀ ਜਾਣਕਾਰੀ, ਗ੍ਰਾਮ ਪੰਚਾਇਤ ਯੋਜਨਾ ਫੈਸਿਲੀਟੇਸ਼ਨ ਟੀਮ ਦਾ ਗਠਨ, ਮੈਂਬਰ, ਕੰਮ ਤੇ ਜ਼ਿੰਮੇਵਾਰੀਆਂ, ਰਾਸ਼ਟਰੀ ਪੰਚਾਇਤ ਐਵਾਰਡ ਸਬੰਧੀ ਜਾਣਕਾਰੀ ਅਤੇ ਨਾਮਜ਼ਦਗੀਆਂ ਲਈ ਪੰਚਾਇਤਾਂ ਨੂੰ ਉਤਸ਼ਾਹਤ ਕਰਨ ਬਾਰੇ ਵੀ ਦੱਸਿਆ ਗਿਆ। ਟਰੇਨਿੰਗ ਵਿਚ ਹਿੱਸਾ ਲੈਣ ਵਾਲੇ ਸਮੂਹ ਸਰਪੰਚਾਂ, ਪੰਚਾ ਨੇ ਇਸ ਟਰੇਨਿੰਗ ਪ੍ਰੋਗਰਾਮ ਨੂੰ ਬਹੁਤ ਹੀ ਲਾਹੇਵੰਦ ਦੱਸਿਆ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਟਰੇਨਿੰਗ ਪ੍ਰੋਗਰਾਮ ਜਾਰੀ ਰੱਖਣ ਦੀ ਅਪੀਲ ਕੀਤੀ।