ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਸ਼ਹਿਰ ’ਚ ਓਵਰਲੋਡ ਚਲਦੇ ਈ-ਰਿਕਸ਼ਾ
ਘਟਨਾਵਾਂ ਨੂੰ ਸੱਦਾ ਦੇ ਰਹੇ ਹਨ ਸ਼ਹਿਰ ਵਿੱਚ ਓਵਰਲੋਡ ਚਲਦੇ ਈ-ਰਿਕਸ਼ਾ
Publish Date: Sun, 08 Feb 2026 10:18 PM (IST)
Updated Date: Sun, 08 Feb 2026 10:20 PM (IST)

ਬਾਜ਼ਾਰਾਂ ’ਚ ਘੁੰਮਦੇ ਈ-ਰਿਕਸ਼ਾ ਕਾਰਨ ਪੈਦਲ ਚੱਲਣਾ ਵੀ ਹੋਇਆ ਮੁਸ਼ਕਿਲ ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਵਿਚ ਈ-ਰਿਕਸ਼ਾ ਨਾਲ ਹੋਣ ਵਾਲੇ ਅਕਸਰ ਹਾਦਸਿਆਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ। ਈ-ਰਿਕਸ਼ਾ, ਜੋ ਕਿ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਬਣਾਏ ਗਏ ਹਨ, ਹੁਣ ਇਨ੍ਹਾਂ ਦੇ ਚਾਲਕ ਆਪਣੇ ਤੇ ਦੂਜਿਆਂ ਦੋਵਾਂ ਲਈ ਖ਼ਤਰਾ ਬਣ ਰਹੇ ਹਨ। ਨਿਯਮਾਂ ਦੀ ਉਲੰਘਣਾ ਕਰਕੇ ਚਲਾਏ ਜਾਣ ਵਾਲੇ ਇਹ ਵਾਹਨ ਆਵਾਜਾਈ ਵਿਚ ਵਿਘਨ ਤਾਂ ਪਾਉਂਦੇ ਹਨ, ਪੈਦਲ ਚੱਲਣ ਵਾਲਿਆਂ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ। ਇਹ ਆਮ ਗੱਲ ਹੈ ਕਿ ਬਹੁਤ ਸਾਰੇ ਈ-ਰਿਕਸ਼ਾ ਚਾਲਕਾਂ ਨੂੰ ਆਪਣੇ ਵਾਹਨਾਂ ਨੂੰ ਓਵਰਲੋਡ, ਤੇਜ਼ ਰਫ਼ਤਾਰ ਨਾਲ ਚਲਾਉਂਦੇ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਤਾਂ ਯਾਤਰੀਆਂ ਦੀ ਬਜਾਏ ਭਾਰੀ ਮਾਲ ਢੋਣ ਵਿਚ ਵੀ ਲੱਗੇ ਹੋਏ ਹਨ, ਜੋ ਕਿ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ। ਇਕ ਈ-ਰਿਕਸ਼ਾ ਚਾਲਕ ਦੋ ਵੱਡੀਆਂ ਪਾਣੀ ਦੀਆਂ ਟੈਂਕੀਆਂ ਨੂੰ ਰੱਸੀਆਂ ਨਾਲ ਬੰਨ੍ਹੇ ਦੇਖਿਆ ਗਿਆ, ਜੋ ਬਹੁਤ ਮੁਸ਼ਕਿਲ ਨਾਲ ਆਪਣੀ ਮੰਜ਼ਿਲ ਵੱਲ ਵਧ ਰਿਹਾ ਸੀ ਤੇ ਹਾਦਸੇ ਨੂੰ ਸੱਦਾ ਦੇ ਰਿਹਾ ਸੀ। ਸ਼ਹਿਰ ਵਿਚ ਟਰੈਫਿਕ ਪੁਲਿਸ ਵੱਲੋਂ ਥਾਂ-ਥਾਂ ’ਤੇ ਨਾਕੇਬੰਦੀ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਦੇ ਈ-ਰਿਕਸ਼ਾ ਚਾਲਕ ਸ਼ਰੇਆਮ ਘੁੰਮਦੇ ਦਿਖਾਈ ਦਿੰਦੇ ਹਨ ਤੇ ਲੱਗਦਾ ਹੈ ਕਿ ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ। ਇਸ ਤਰ੍ਹਾਂ ਦੇ ਚਾਲਕਾਂ ਖਿਲਾਫ ਪੁਲਿਸ ਕਾਰਵਾਈ ਨਾ ਹੁੰਦੀ ਦੇਖ ਕੇ ਲੱਗਦਾ ਹੈ ਕਿ ਪੁਲਿਸ ਵੀ ਕਿਸੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ। ਸਥਾਨਕ ਸ਼ਹਿਰ ਵਾਸੀਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪੁਲਿਸ ਦਾ ਕੰਮ ਹੁਣ ਚਲਾਨ ਕੱਟਣ ਤੱਕ ਸੀਮਤ ਹੈ। ਅਸਲ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਪ੍ਰਸ਼ਾਸਨ ਸਿਰਫ਼ ਉਦੋਂ ਹੀ ਜਾਗਦਾ ਹੈ ਜਦੋਂ ਕੋਈ ਵੱਡਾ ਹਾਦਸਾ ਵਾਪਰਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਹਾਦਸਿਆਂ ਦੀ ਗਿਣਤੀ ਵਧ ਸਕਦੀ ਹੈ। ਇਨ੍ਹਾਂ ਲਾਪਰਵਾਹ ਈ-ਰਿਕਸ਼ਾ ਚਾਲਕਾਂ ਵੱਲੋਂ ਸਕੂਲੀ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਦੀ ਜਾਨ ਨੂੰ ਵੀ ਖਤਰੇ ਵਿਚ ਪਾਇਆ ਜਾਂਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਈ-ਰਿਕਸ਼ਾ ਚਲਾਉਣ ਵਾਲਿਆਂ ਲਈ ਸਖ਼ਤ ਨਿਯਮ ਨੂੰ ਲਾਗੂ ਕਰੇ, ਓਵਰਲੋਡਿੰਗ ਵਿਰੁੱਧ ਤੁਰੰਤ ਕਾਰਵਾਈ ਕਰੇ। ਇਸ ਤੋਂ ਇਲਾਵਾ ਸਿਖਲਾਈ ਪ੍ਰਾਪਤ ਡਰਾਈਵਰਾਂ ਨੂੰ ਹੀ ਈ-ਰਿਕਸ਼ਾ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਟਰੈਫਿਕ ਸਮੱਸਿਆ ਦਾ ਵੀ ਬਣਦੇ ਹਨ ਕਾਰਨ ਵਿਰਾਸਤੂ ਸ਼ਹਿਰ ਕਪੂਰਥਲਾ ਦੇ ਬਾਜ਼ਾਰਾਂ ਵਿਚ ਘੁੰਮਦੇ ਇਹ ਈ-ਰਿਕਸ਼ਾ ਦਿਨੋਂ-ਦਿਨ ਟਰੈਫਿਕ ਸਮੱਸਿਆ ਦਾ ਵੀ ਕਾਰਨ ਬਣਦੇ ਜਾ ਰਹੇ ਹਨ। ਹਾਲਾਤ ਇਹ ਹਨ ਕਿ ਦੋ ਪਹੀਆ ਵਾਹਨ ਤਾਂ ਕੀ ਬਾਜ਼ਾਰ ਵਿਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਪੈਦਲ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਤਾਂ ਲੋਕ ਲੰਬੇ ਸਮੇਂ ਤੱਕ ਜਾਮ ਵਿਚ ਫਸ ਜਾਂਦੇ ਹਨ ਤੇ ਦੂਰ-ਦੂਰ ਤੱਕ ਜਾਮ ਲੱਗ ਜਾਂਦਾ ਹੈ। ਸ਼ਹਿਰ ਬਾਜ਼ਾਰਾਂ ਵਿਚ ਦੋ ਪਹੀਆ ਵਾਹਨਾਂ ਦੀ ਗਿਣਤੀ ਘੱਟ ਤੇ ਇਨ੍ਹਾਂ ਈ-ਰਿਕਸ਼ਾ ਦੀ ਵੱਧ ਦੇਖਣ ਨੂੰ ਮਿਲਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ਦੇ ਬਾਜ਼ਾਰਾਂ ਵਿਚ ਈ-ਰਿਕਸ਼ਾ ਦੀ ਐਂਟਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਲੋਕਾਂ ਨੂੰ ਟਰੈਫਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ। ਡੀਐਸਪੀ ਟਰੈਫਿਕ ਕਪੂਰਥਲਾ ਉਪਕਾਰ ਸਿੰਘ ਨੇ ਕਿਹਾ ਕਿ ਈ-ਰਿਕਸ਼ਾ ਚਾਲਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾਣਗੇ ਕਿ ਜੇਕਰ ਕੋਈ ਵੀ ਓਵਰਲੋਡ ਜਾਂ ਭਾਰੀ ਭਾਰ ਚੁੱਕਦਾ ਪਾਇਆ ਗਿਆ ਤਾਂ ਮੌਕੇ ਤੇ ਹੀ ਸਖ਼ਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਨੂੰ ਜੁਰਮਾਨਾ ਕੀਤਾ ਜਾਵੇਗਾ, ਅਤੇ ਲੋੜ ਪੈਣ ਤੇ ਵਾਹਨ ਜ਼ਬਤ ਕੀਤੇ ਜਾਣਗੇ।