ਆਉਟਸੋਰਸ ਕਰਮਚਾਰੀ ਗੋਵਿੰਦ ਨੂੰ ਕੀਤਾ ਜਾਵੇ ਬਹਾਲ : ਭਾਟੀਆ
ਆਉਟਸੋਰਸ ਕਰਮਚਾਰੀ ਗੋਵਿੰਦ ਘਈ ਨੂੰ ਨੌਕਰੀ ’ਤੇ ਕੀਤਾ ਜਾਵੇ ਬਹਾਲ : ਅਸ਼ੋਕ ਭਾਟੀਆ
Publish Date: Mon, 23 Mar 2026 07:09 PM (IST)
Updated Date: Mon, 23 Mar 2026 07:10 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਸਕੱਤਰ ਅਸ਼ੋਕ ਭਾਟੀਆ ਨੇ ਫਗਵਾੜਾ ਨਗਰ ਨਿਗਮ ਦੇ ਕੂੜਾ ਢੋਣ ਵਾਲੇ ਵਾਹਨ ਵਿਚ ਲਾਵਾਰਿਸ ਲਾਸ਼ ਨੂੰ ਸ਼ਮਸ਼ਾਨਘਾਟ ਲੈ ਜਾਣ ਦੇ ਦੋਸ਼ ਵਿਚ ਸੇਵਾ ਮੁਕਤ ਕੀਤੇ ਗਏ ਦਰਜਾ-4 ਆਉਟਸੋਰਸ ਕਰਮਚਾਰੀ ਗੋਵਿੰਦ ਘਈ ਨੂੰ ਮੁੜ ਨੌਕਰੀ ‘ਤੇ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਦਾ ਨਿਰਾਦਰ ਕਰਨ ਲਈ ਕਾਰਪੋਰੇਸ਼ਨ ਦੇ ਅਧਿਕਾਰੀ ਕਸੂਰਵਾਰ ਹਨ। ਦਰਜਾ-4 ਕਰਮਚਾਰੀ ਆਪਣੀ ਮਰਜ਼ੀ ਨਾਲ ਕਿਸ ਤਰ੍ਹਾਂ ਕਿਸੇ ਲਾਸ਼ ਨੂੰ ਕੂੜਾ ਢੋਣ ਵਾਲੀ ਗੱਡੀ ਵਿਚ ਲਿਜਾ ਸਕਦਾ ਹੈ? ਅਸ਼ੋਕ ਭਾਟੀਆ ਨੇ ਸਪੱਸ਼ਟ ਕਿਹਾ ਕਿ ਕਾਰਪੋਰੇਸ਼ਨ ਦੇ ਅਫਸਰਾਂ ਦੀ ਲਾਪਰਵਾਹੀ ਕਾਰਨ ਪੰਜਾਬ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਵਿਰੋਧੀ ਧਿਰ ਤਾਂ ਪਹਿਲਾਂ ਹੀ ਪਾਰਟੀ ਨੂੰ ਬਦਨਾਮ ਕਰਨ ਲਈ ਜੁਗਾੜ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਨਿਗਮ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜੋ ਗਲਤੀ ਕੀਤੀ ਹੈ, ਉਸਦਾ ਖਾਮਿਆਜਾ ਇੱਕ ਗਰੀਬ ਆਉਟਸੋਰਸ ਸਫਾਈ ਸੇਵਕ ਅਤੇ ਉਸਦੇ ਪਰਿਵਾਰ ਨੂੰ ਭੁਗਤਣ ਲਈ ਮਜਬੂਰ ਕਰਨਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਗੋਵਿੰਦ ਘਈ ਨੂੰ ਬਿਨਾਂ ਕਾਰਨ ਸਜਾ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਲੋਕਲ ਬਾਡੀ ਵਿਭਾਗ ਦੇ ਵੱਡੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਅਸਲ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਤੇ ਸਫਾਈ ਸੇਵਕ ਗੋਵਿੰਦ ਘਈ ਨੂੰ ਤੁਰੰਤ ਨੌਕਰੀ ’ਤੇ ਬਹਾਲ ਕਰਵਾਇਆ ਜਾਵੇ ਤਾਂ ਜੋ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦੀ ਸਾਖ ਨੂੰ ਕਿਸੇ ਤਰ੍ਹਾਂ ਦਾ ਦਾਗ ਨਾ ਲੱਗੇ।