ਅੱਜ ਧਰਤੀ ਮਾਂ ਦਾ ਧੰਨਵਾਦ ਤੇ ਮੁਆਫ਼ੀ ਮੰਗਣ ਦਾ ਦਿਨ : ਸੰਤ ਸੀਚੇਵਾਲ
ਸਾਡੀ ਤਾਕਤ – ਸਾਡਾ ਗ੍ਰਹਿ, ਧਰਤੀ ਮਾਂ ਦਾ ਧੰਨਵਾਦ ਤੇ ਮੁਆਫ਼ੀ ਮੰਗਣ ਦਾ ਦਿਨ : ਸੰਤ ਸੀਚੇਵਾਲ
Publish Date: Tue, 21 Apr 2026 07:56 PM (IST)
Updated Date: Tue, 21 Apr 2026 07:58 PM (IST)

ਵਿਸ਼ਵ ਧਰਤੀ ਦਿਵਸ ’ਤੇ ਵਿਸ਼ੇਸ਼ ਰਿਪੋਰਟ ਆਓ ਧਰਤੀ ਨੂੰ ਸਵਰਗ ਬਣਾਈਏ, ਸਵਰਗਾਂ ਦੀ ਤਾਂਘ ਮੁੱਕ ਜਾਏ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੁਨੀਆ ਭਰ ਵਿਚ ਹਰ ਸਾਲ 22 ਅਪ੍ਰੈਲ ਨੂੰ ਮਨਾਏ ਜਾਂਦੇ “ਵਿਸ਼ਵ ਧਰਤੀ ਦਿਵਸ” ਦੀ ਪੂਰਬਲੀ ਸ਼ਾਮ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੁੱਖਤਾ ਨੂੰ ਸਾਡੀ ਤਾਕਤ-ਸਾਡਾ ਗ੍ਰਹਿ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਧਰਤੀ ਮਾਂ ਨੇ ਲੱਖਾਂ ਸਾਲਾਂ ਤੋਂ ਮਨੁੱਖ ਨੂੰ ਬੇਹਿਸਾਬ ਕੁਦਰਤੀ ਸੰਸਾਧਨ ਬਖ਼ਸ਼ੇ ਹਨ, ਇਸ ਲਈ ਸਾਨੂੰ ਉਸਦਾ ਧੰਨਵਾਦ ਕਰਨਾ ਚਾਹੀਦਾ ਹੈ। ਨਾਲ ਹੀ ਮਨੁੱਖ ਵੱਲੋਂ ਕੀਤੇ ਗਏ ਪ੍ਰਦੂਸ਼ਣ ਤੇ ਤਬਾਹੀ ਲਈ ਇਸ ਪਵਿੱਤਰ ਦਿਨ ‘ਤੇ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ। ਸੰਤ ਸੀਚੇਵਾਲ ਨੇ ਮਨੁੱਖ ਜਾਤੀ ਨੂੰ ਆਪਣੀ ਹੋਂਦ ਬਚਾਉਣ ਲਈ ਸੁਚੇਤ ਕਰਦਿਆਂ ਕਿਹਾ, “ਆਓ ਅਸੀਂ ਧਰਤੀ ਮਾਂ ਦੇ ਸਰਬਣ ਪੁੱਤ ਬਣੀਏ ਤੇ ਉਸਦੀ ਸੇਵਾ ਕਰੀਏ।” ਉਨ੍ਹਾਂ ਦੱਸਿਆ ਕਿ ਧਰਤੀ ਗ੍ਰਹਿ ਹੀ ਸਾਡੀ ਅਸਲ ਤਾਕਤ ਹੈ, ਕਿਉਂਕਿ ਹਵਾ, ਪਾਣੀ ਤੇ ਮਿੱਟੀ ਮਨੁੱਖੀ ਜੀਵਨ ਦੇ ਮੁੱਖ ਅਧਾਰ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਸੀ,“ਮਾਤਾ ਧਰਤਿ ਮਹਤੁ।” ਉਨ੍ਹਾਂ ਕਿਹਾ ਕਿ ਇਸ ਬ੍ਰਹਿਮੰਡ ਵਿਚ ਧਰਤੀ ਹੀ ਇਕੋ-ਇਕ ਐਸਾ ਗ੍ਰਹਿ ਹੈ ਜਿਥੇ ਮਨੁੱਖੀ ਜੀਵਨ, ਪਾਣੀ ਤੇ ਬਨਸਪਤੀ ਮੌਜੂਦ ਹੈ। ਹੋਰ ਗ੍ਰਹਿਆਂ ‘ਤੇ ਖੋਜ ਜਾਰੀ ਹੈ, ਪਰ ਅਜੇ ਤੱਕ ਧਰਤੀ ਵਰਗੀਆਂ ਸੁਵਿਧਾਵਾਂ ਕਿਤੇ ਨਹੀਂ ਮਿਲੀਆਂ। ਉਨ੍ਹਾਂ ਨੇ ਇਹ ਵੀ ਦਰਸਾਇਆ ਕਿ 1970 ਤੋਂ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 1969 ਵਿਚ ਅਮਰੀਕਾ ਵਿਚ ਵਾਤਾਵਰਣ ਬਚਾਉਣ ਲਈ ਹੋਏ ਵੱਡੇ ਆੰਦੋਲਨ ਤੋਂ ਹੋਈ, ਜਿਸ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ ਸੀ। ਸੰਤ ਸੀਚੇਵਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਵੱਧ ਰਹੀ ਆਲਮੀ ਤਪਸ਼ ਮਨੁੱਖਤਾ ਲਈ ਵੱਡਾ ਖ਼ਤਰਾ ਬਣ ਰਹੀ ਹੈ। ਧਰਤੀ ਨੂੰ ਠੰਢਕ ਪਹੁੰਚਾਉਣ ਲਈ ਵੱਡੇ ਪੱਧਰ ‘ਤੇ ਰੁੱਖ ਲਗਾਉਣ ਦੀ ਲੋੜ ਹੈ, ਕਿਉਂਕਿ ਰੁੱਖ ਹੀ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਧਰਤੀ ਮਾਂ ਸਾਡੀ ਮਾਂ ਦੀ ਵੀ ਮਾਂ ਹੈ, ਇਸ ਲਈ ਉਸਦਾ ਸਤਿਕਾਰ ਤੇ ਸੰਭਾਲ ਸਾਡੀ ਜ਼ਿਮੇਵਾਰੀ ਹੈ। ਬੰਬਾਂ ਨਾਲ ਧਰਤੀ ਮਾਂ ਦੀ ਹਿੱਕ ਚੀਰ ਰਹੇ ਹਾਂ ਸੰਤ ਸੀਚੇਵਾਲ ਨੇ ਕਿਹਾ ਕਿ ਜੇ ਅਸੀਂ ਅੱਜ ਵਾਤਾਵਰਣ ਦੀ ਸੰਭਾਲ ਨਹੀਂ ਕੀਤੀ ਤਾਂ ਭਵਿੱਖ ਵਿਚ ਪੈਸੇ ਦੀ ਕੋਈ ਕਦਰ ਨਹੀਂ ਰਹੇਗੀ। ਉਨ੍ਹਾਂ ਨੇ ਦੁੱਖ ਜਤਾਇਆ ਕਿ ਜੰਗਾਂ ਤੇ ਹਥਿਆਰਾਂ ਦੀ ਦੌੜ ਨਾਲ ਧਰਤੀ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ। ਮਿਜ਼ਾਈਲਾਂ ਤੇ ਤਾਕਤਵਰ ਬੰਬ ਧਰਤੀ ਦੀ ਛਾਤੀ ਨੂੰ ਚੀਰ ਰਹੇ ਹਨ, ਜਿਸ ਨਾਲ ਆਲਮੀ ਤਪਸ਼ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਮਨੁੱਖਤਾ ਨੂੰ ਅਪੀਲ ਕੀਤੀ ਕਿ ਅਮਨ ਤੇ ਕੁਦਰਤ ਦੀ ਰੱਖਿਆ ਵੱਲ ਕਦਮ ਚੁੱਕੇ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਤੇ ਸਾਫ਼ ਧਰਤੀ ਛੱਡੀ ਜਾ ਸਕੇ।