ਜ਼ਮੀਨਾਂ ਦੀ ਡਿਜੀਟਲ ਗਿਰਦਾਵਰੀ ਕਰਨਗੇ ਨੌਜਵਾਨ, ਪ੍ਰਤੀ ਖਸਰਾ ਮਿਲੇਗਾ 10 ਰੁਪਏ ਮਾਨ-ਭੱਤਾ
ਜ਼ਮੀਨਾਂ ਦੀ ਡਿਜੀਟਲ ਗਿਰਦਾਵਰੀ ਦਾ ਕੰਮ ਲਈ ਨੌਜਵਾਨਾਂ ਲਈ ਮੌਕਾ, ਪ੍ਰਤੀ ਖਸਰਾ 10 ਰੁਪਏ ਮਾਨ-ਭੇਟਾ
Publish Date: Wed, 11 Mar 2026 09:08 PM (IST)
Updated Date: Wed, 11 Mar 2026 09:12 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਜ਼ਿਲ੍ਹਾ ਕਪੂਰਥਲਾ ਅਧੀਨ ਸਬ-ਡਿਵੀਜ਼ਨ ਭੁਲੱਥ ਦੇ ਸਮੂਹ ਪਿੰਡਾਂ ਵਿਚ ਜ਼ਮੀਨਾਂ ਦੇ ਨੰਬਰ ਖਸਰਿਆਂ ਦਾ ਡਿਜੀਟਲ ਕਰਾਪ ਸਰਵੇ ਅਰਥਾਤ ਡਿਜੀਟਲ ਗਿਰਦਾਵਰੀ ਕਰਨ ਦਾ ਕੰਮ ਜਾਰੀ ਹੈ। ਇਸ ਪ੍ਰਕਿਰਿਆ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਪ੍ਰਾਈਵੇਟ ਸਰਵੇਅਰਾਂ (ਕੇਵਲ ਲੜਕਿਆਂ) ਨੂੰ ਹਾਇਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲ ਭੁਲੱਥ ਵਿਚ ਤਾਇਨਾਤ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਚਾਹਵਾਨ ਉਮੀਦਵਾਰਾਂ ਤੋਂ 12 ਮਾਰਚ 2026 ਨੂੰ ਦੁਪਹਿਰ 12 ਵਜੇ ਤੱਕ ਦਫਤਰ ਵਿਚ ਦਰਖਾਸਤਾਂ ਮੰਗੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਨੌਜਵਾਨ ਇਸ ਕੰਮ ਵਿਚ ਰੁਚੀ ਰੱਖਦੇ ਹਨ, ਉਹ ਸਮੇਂ ਸਿਰ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਤੇ ਉਸ ਕੋਲ ਸਮਾਰਟ ਫੋਨ ਹੋਣਾ ਲਾਜ਼ਮੀ ਹੈ। ਸਿਰਫ਼ ਭੁਲੱਥ ਜਾਂ ਭੁਲੱਥ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਉਮੀਦਵਾਰ ਹੀ ਯੋਗ ਮੰਨੇ ਜਾਣਗੇ, ਜਦਕਿ ਹੋਰ ਇਲਾਕਿਆਂ ਦੇ ਉਮੀਦਵਾਰਾਂ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਵੇਅਰਾਂ ਨੂੰ ਮਾਨ-ਭੱਤਾ ਦੇ ਅਧਾਰ ’ਤੇ ਪ੍ਰਤੀ ਖਸਰਾ 10 ਰੁਪਏ ਦਿੱਤੇ ਜਾਣਗੇ। ਚਾਹਵਾਨ ਉਮੀਦਵਾਰ ਹੋਰ ਜਾਣਕਾਰੀ ਲਈ ਤਹਿਸੀਲ ਦਫਤਰ ਭੁਲੱਥ ਨਾਲ ਸੰਪਰਕ ਕਰ ਸਕਦੇ ਹਨ।