ਆਨਲਾਈਨ ਹਾਜ਼ਰੀ ਦੇ ਚੱਕਰਾਂ ਨੇ ਚੱਕਰਾਂ 'ਚ ਪਾਏ ਅਧਿਆਪਕ
ਆਨਲਾਈਨ ਹਾਜ਼ਰੀ ਦੇ ਚੱਕਰਾਂ ਨੇ ਚੱਕਰਾਂ 'ਚ ਪਾਏ ਅਧਿਆਪਕ, ਪੜ੍ਹਾਈ 'ਤੇ ਵੀ ਪੈ ਰਿਹਾ ਅਸਰ
Publish Date: Thu, 09 Apr 2026 07:31 PM (IST)
Updated Date: Thu, 09 Apr 2026 07:35 PM (IST)

ਪੜ੍ਹਾਈ ਤੇ ਵੀ ਪੈ ਰਿਹਾ ਅਸਰ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੂਬੇ ਦੇ ਸਰਕਾਰੀ ਸਕੂਲਾਂ ਵਿਚ ਐੱਮ ਸਟਾਰ ਈ-ਪੰਜਾਬ (ਐੱਮਸਟਾਰ, ਈ-ਪੰਜਾਬ) ਰਾਹੀਂ ਲਾਗੂ ਕੀਤੀ ਜਾ ਰਹੀ ਆਨਲਾਈਨ ਹਾਜ਼ਰੀ ਪ੍ਰਣਾਲੀ ਜਿਥੇ ਅਧਿਆਪਕਾਂ ਲਈ ਸਿਰਦਰਦ ਬਣਦੀ ਜਾ ਰਹੀ ਹੈ, ਉਥੇ ਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਕੀਮਤੀ ਸਮੇਂ ਨੂੰ ਘਟਾ ਰਹੀ ਹੈ। ਜਿਥੇ ਇਸ ਪ੍ਰਣਾਲੀ ਦਾ ਮਕਸਦ ਸਕੂਲਾਂ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਵਧਾਉਣਾ ਦੱਸਿਆ ਜਾ ਰਿਹਾ ਹੈ, ਉਥੇ ਹੀ ਜ਼ਮੀਨੀ ਹਕੀਕਤ ਵਿਚ ਅਧਿਆਪਕਾਂ ਨੂੰ ਕਈ ਤਕਨੀਕੀ ਤੇ ਪ੍ਰਬੰਧਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਦੇ ਹਵਾਲੇ ਨਾਲ਼ ਸਥਾਨਕ ਆਗੂਆਂ ਗੁਰਮੁਖ ਲੋਕਪ੍ਰੇਮੀ, ਹਰਜਿੰਦਰ ਨਿਆਣਾ, ਜਤਿੰਦਰ ਕੁਮਾਰ ਤੇ ਸਤਨਾਮ ਪਰਮਾਰ ਆਦਿ ਨੇ ਦੱਸਿਆ ਕਿ ਐੱਮ ਸਟਾਰ ਈ-ਪੰਜਾਬ ਨਾਂ ਦੇ ਐਪ ਨੂੰ ਸਿੱਖਿਆ ਵਿਭਾਗ ਨੇ ਹਿਟੈਚੀ ਨਾਂ ਦੀ (ਹਿਟੈਚੀ ਐੱਮਜੀਆਰਐੱਮ ਨੈੱਟ ਲਿਮ.) ਨਿੱਜੀ ਕੰਪਨੀ ਨਾਲ ਮਿਲ ਕੇ ਬਣਾਇਆ ਹੈ। ਇਸ ਮੋਬਾਈਲ ਐਪ ਰਾਹੀਂ ਹਰ ਰੋਜ਼ ਨਿਯਤ ਸਮੇਂ ਵਿਚ ਹਾਜ਼ਰੀ ਲਗਾਉਣ ਦੀ ਜ਼ਿੰਮੇਵਾਰੀ ਅਧਿਆਪਕਾਂ ਲਈ ਵੱਡੀ ਚੁਣੌਤੀ ਬਣ ਗਈ ਹੈ। ਸਾਰੇ ਸੂਬੇ ਅੰਦਰ ਇਕੋ ਸਮੇਂ ਐਪ ਚੱਲਣ ਕਾਰਨ ਸਰਵਰ ਬਿਜ਼ੀ ਹੋ ਜਾਂਦਾ ਹੈ ਤੇ ਹਾਜ਼ਰੀ ਨਹੀਂ ਲੱਗਦੀ, ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਅਧਿਆਪਕ ਸਕੂਲ ਵਿਚ ਸਮੇਂ ਸਿਰ ਹਾਜ਼ਰ (ਕਲਾਨ ਇਨ) ਹੋ ਜਾਂਦੇ ਹਨ ਤਾਂ ਬਾਅਦ ਵਿਚ ਇਹ ਅਧਿਆਪਕਾਂ ਨੂੰ ਆਪਣੇ-ਆਪ ਹੀ ਗੈਰ-ਹਾਜ਼ਰ (ਕਲਾਕ ਆਉਟ) ਕਰ ਦਿੰਦਾ ਹੈ ਤੇ ਫਿਰ ਤੋਂ ਹਾਜ਼ਰ ਹੋਣ (ਕਲਾਕ ਇਨ) ਲਈ ਮਜ਼ਬੂਰ ਕਰਦਾ ਹੈ। ਅਧਿਆਪਕਾਂ ਨੇ ਦੱਸਿਆ ਕਿ ਪਿੰਡਾਂ ਵਿਚ ਇੰਟਰਨੈੱਟ ਦੀ ਗਤੀ ਬਹੁਤ ਹੀ ਧੀਮੀ ਹੁੰਦੀ ਹੈ ਜਾਂ ਕਈ ਵਾਰ ਨੈੱਟਵਰਕ ਹੀ ਉਪਲਬਧ ਨਹੀਂ ਹੁੰਦਾ। ਇਸ ਕਾਰਨ ਅਨੇਕਾਂ ਅਧਿਆਪਕ ਸਮੇਂ ਸਿਰ ਹਾਜ਼ਰੀ ਦਰਜ ਨਹੀਂ ਕਰ ਪਾਉਂਦੇ। ਅਧਿਆਪਕ ਆਗੂਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਮੇਂ ’ਤੇ ਈ-ਪੰਜਾਬ, ਆਈਐੱਚਆਰਐੱਮਐੱਸ, ਦੀਕਸ਼ਾ, ਪੰਜਾਬ ਐਡੂਕੇਅਰ, ਪਰਸਸ਼ਤ ਐਪ ਆਦਿ ਇੰਸਟਾਲ ਕਰਨ ਦੇ ਹੁਕਮ ਦਿੱਤੇ ਜਾਂਦੇ ਰਹਿੰਦੇ ਹਨ, ਇਨ੍ਹਾਂ ਐਪਾਂ ਰਾਹੀਂ ਵੱਖ-ਵੱਖ ਕਿਸਮਾਂ ਦੀਆਂ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਹਰ ਰੋਜ਼ ਕੋਈ ਨਾ ਕੋਈ ਗੂਗਲ ਸ਼ੀਟ ਜਾਂ ਫਾਰਮ ਫੋਟੋਆਂ ਸਮੇਤ ਭਰਨ ਦੇ ਹੁਕਮ ਦਿੱਤੇ ਜਾਂਦੇ ਹਨ, ਜੋ ਕਿ ਫੋਟੋਜ਼ ਅਪਲੋਡ ਕਰਨ ਵੇਲੇ ਅੜ ਜਾਂਦੇ ਹਨ। ਇਸ ’ਤੇ ਅਧਿਕਾਰੀ ਝੱਟ ਅਧਿਆਪਕਾਂ ਨੂੰ ਡਿਫਾਲਟਰ ਲਿਖ ਕੇ ਚਿਤਾਵਨੀਆਂ ਜਾਰੀ ਕਰ ਦਿੰਦੇ ਹਨ। ਇਨ੍ਹਾਂ ਐਪਾਂ/ ਗੂਗਲ ਸ਼ੀਟਾਂ ਰਾਹੀਂ ਡਾਟਾ ਇਕੱਠੇ ਕਰਨ ਦੀ ਨੀਤੀ ਨੇ ਅਧਿਆਪਕਾਂ ਨੂੰ ਉਨ੍ਹਾਂ ਦੇ ਅਸਲ ਕੰਮ ਪੜ੍ਹਾਉਣ ਨੂੰ ਛਡਾ ਕੇ ਉਨ੍ਹਾਂ ਨੂੰ ਡਾਟਾ ਐਂਟਰੀ ਆਪਰੇਟਰ ਬਣਾ ਦਿੱਤਾ ਹੈ, ਜਿਸਦਾ ਅੰਤਿਮ ਨੁਕਸਾਨ ਵਿਦਿਆਰਥੀਆਂ ਨੂੰ ਸਹਿਣਾ ਪੈ ਰਿਹਾ ਹੈ, ਜਦਕਿ ਪਹਿਲਾਂ ਹੀ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਭਾਰੀ ਕਮੀ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਲਈ ਪਹਿਲਾਂ ਤੋਂ ਚੱਲ ਰਹੇ ਈ ਪੰਜਾਬ ਪੋਰਟਲ ਨੂੰ ਬੰਦ ਕਰਨ ਵੱਲ ਵਧਿਆ ਜਾ ਰਿਹਾ ਹੈ। ਅਧਿਆਪਕਾਂ ਨੇ ਇਸ ਪੋਰਟਲ ਤੇ ਕੰਮ ਕਰਨ ਵਿਚ ਮੁਹਾਰਤ ਹਾਸਲ ਕਰ ਲਈ ਸੀ ਪਰ ਨਵੇਂ ਪੋਰਟਲ ਦੇ ਅਤਿ ਗੁੰਝਲਦਾਰ ਹੋਣ ਕਾਰਣ ਸਮੇਂ ਦੀ ਵਧੇਰੇ ਬਰਬਾਦੀ ਹੋ ਰਹੀ ਹੈ। ਨਵੇਂ ਪੋਰਟਲ ਤੇ ਸਾਰੇ ਵਿਦਿਆਰਥੀਆਂ ਦੇ ਦਾਖਲਾ ਨੰਬਰ ਬਦਲ ਦਿੱਤੇ ਗਏ ਹਨ, ਜਿਸ ਕਾਰਨ ਅਧਿਆਪਕਾਂ ਨੂੰ ਉਹ ਨੰਬਰ ਦੁਰੱਸਤ ਕਰਨੇ ਪੈ ਰਹੇ ਹਨ। ਪੋਰਟਲ ਦੀ ਧੀਮੀ ਗਤੀ ਹੋਣ ਕਾਰਣ ਪਹਿਲੀ, ਛੇਵੀਂ, ਨੌਂਵੀਂ, ਗਿਆਰਵੀਂ ਜਮਾਤ ਦੇ ਨਵੇਂ ਹੋਏ ਦਾਖਲਿਆਂ ਦੇ ਇੰਦਰਾਜ਼ ਨਹੀਂ ਹੋ ਪਾਏ ਹਨ। ਪੋਰਟਲ ਦੀ ਧੀਮੀ ਗਤੀ ਕਾਰਣ ਅਧਿਆਪਕਾਂ ਦਾ ਘੰਟਿਆਂ ਬੱਧੀ ਸਮਾਂ ਮੋਬਾਇਲ ਜਾਂ ਕੰਪਿਊਟਰ ਸਕਰੀਨ ਸਾਹਮਣੇ ਗੁਜ਼ਰ ਰਿਹਾ ਹੈ। ਉਨ੍ਹਾਂ ਵਿਭਾਗ ਪਾਸੋਂ ਮੰਗ ਕੀਤੀ ਕਿ ਵਿਭਾਗ ਨਿੱਤ ਨਵੇਂ ਤਜਰਬੇ ਕਰਨੇ ਬੰਦ ਕਰੇ, ਅੰਕੜਿਆਂ ਦੀ ਪ੍ਰਾਪਤੀ ਲਈ ਹਰ ਸਕੂਲ ਵਿਖੇ ਡਾਟਾ ਐਂਟਰੀ ਆਪਰੇਟਰ ਕਮ ਕਲਰਕ ਦੀ ਅਸਾਮੀ ਦੇਵੇ ਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਮੁੱਖ ਕੰਮ ਸਿੱਖਿਆ ਦੇਣ ਲਈ ਖੁੱਲ੍ਹਾ ਸਮਾਂ ਦੇਵੇ ਤੇ ਇਨ੍ਹਾਂ ਵਾਧੂ ਕੰਮਾਂ ਤੋਂ ਛੁਟਕਾਰਾ ਦੁਆਏ। ਇਸ ਮੌਕੇ ਸੁਰਿੰਦਰ ਰਾਮ, ਮਲਕੀਤ ਸਿੰਘ, ਸੁਖਜਿੰਦਰ ਸਿੰਘ, ਰਮੇਸ਼ ਸਿੰਘ ਤੇ ਦਲਜੀਤ ਸਿੰਘ ਆਦਿ ਵੀ ਹਾਜ਼ਰ ਸਨ।