ਬੇਬੇ ਨਾਨਕੀ ਕਾਲਜ ’ਚ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਭੂਮੀਗਤ ਪਾਣੀ ਦੀ ਅਤਿ-ਵਰਤੋਂ ਅਤੇ ਖੇਤੀਬਾੜੀ ਦੀ ਟਿਕਾਊਤਾ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ
Publish Date: Tue, 03 Feb 2026 10:08 PM (IST)
Updated Date: Tue, 03 Feb 2026 10:11 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਪੰਜਾਬ ਵਿਚ ਭੂਮੀਗਤ ਪਾਣੀ ਦੀ ਅਤਿ-ਵਰਤੋਂ ਤੇ ਖੇਤੀਬਾੜੀ ਦੀ ਟਿਕਾਊਤਾ ਲਈ ਚੁਣੌਤੀਆਂ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਰਾਸ਼ਟਰੀ ਉੱਚਤਰ ਸ਼ਿਕਸ਼ਾ ਅਭਿਆਨ ਦੀ ਸਪਾਂਸਰਸ਼ਿਪ ਤੇ ਸੈਂਟਰ ਫਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡਾ. ਜੀਐੱਸ ਬਾਜਵਾ, ਐਸੋਸੀਏਟ ਪ੍ਰੋਫੈਸਰ, ਸੋਸ਼ਲ ਸਾਇੰਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਵਿਚ ਭੂਮੀਗਤ ਪਾਣੀ ਦੇ ਲਗਾਤਾਰ ਘਟਦੇ ਪੱਧਰ ਨੂੰ ਭਵਿੱਖ ਦੀ ਖੇਤੀਬਾੜੀ ਲਈ ਗੰਭੀਰ ਖ਼ਤਰਾ ਤੇ ਇਸ ਤੋਂ ਨਿਜਾਤ ਲਈ ਨੀਤੀਗਤ ਸੁਧਾਰਾਂ ਦੇ ਨਾਲ-ਨਾਲ ਕਿਸਾਨਾਂ ਵਿਚ ਜਾਗਰੂਕਤਾ ਨੂੰ ਬਹੁਤ ਜ਼ਰੂਰੀ ਦੱਸਿਆ। ਡਾ. ਪਰਮਬੀਰ ਸਿੰਘ ਮੱਲੀ, ਐਸੋਸੀਏਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਅਪੈਰਲ ਐਂਡ ਟੈਕਸਟਾਈਲ ਟੈਕਨੋਲੋਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਜਗਸੀਰ ਸਿੰਘ ਬਰਾੜ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ ਗਈ। ਉਨ੍ਹਾਂ ਨੇ ਸੈਮੀਨਾਰ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੇ ਅਕਾਦਮਿਕ ਮੰਚ ਸਮਾਜਿਕ ਤੇ ਖੇਤੀਬਾੜੀ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ‘ਤੇ ਮੁੱਖ ਬੁਲਾਰੇ ਪ੍ਰੋ. ਡਾ. ਸੁਰਿੰਦਰ ਸਿੰਘ ਕੋਕਲ, ਸਾਬਕਾ ਡੀਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਮੈਂਬਰ ਪੰਜਾਬ ਵਾਟਰ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ, ਪੰਜਾਬ ਸਰਕਾਰ ਨੇ ਕਿਹਾ ਕਿ ਪਾਣੀ ਦੀ ਸੰਭਾਲ ਨਾਲ ਜੁੜੀ ਤਕਨਾਲੋਜੀ ਅਤੇ ਨਵੀਨ ਤਰੀਕਿਆਂ ਨੂੰ ਅਪਣਾ ਕੇ ਖੇਤੀਬਾੜੀ ਨੂੰ ਟਿਕਾਊ ਬਣਾਇਆ ਜਾ ਸਕਦਾ ਹੈ। ਭੂਮੀਗਤ ਪਾਣੀ ਦੀ ਸੰਭਾਲ ਲਈ ਸਖ਼ਤ ਕਾਨੂੰਨੀ ਢਾਂਚੇ ਅਤੇ ਪ੍ਰਭਾਵਸ਼ਾਲੀ ਅਮਲ ਦੀ ਲੋੜ ਹੈ। ਸੈਮੀਨਾਰ ਦੌਰਾਨ ਡਾ. ਸਵਾਤੀ ਮਹਿਤਾ, ਡਾ. ਸਤਿੰਦਰ ਕੌਰ, ਡਾ. ਸੁਨੈਨਾ, ਡਾ. ਅਮਨਪ੍ਰੀਤ ਕੌਰ, ਡਾ. ਅਤਿੰਦਰ ਪਾਲ ਕੌਰ, ਡਾ. ਲਵਜੀਤ ਕੌਰ, ਡਾ. ਮਲਕੀਅਤ ਸਿੰਘ, ਡਾ. ਗਗਨਪ੍ਰੀਤ ਕੌਰ, ਡਾ. ਨਿਰਮਲ ਸਿੰਘ ਤੇ ਡਾ. ਹਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਪਾਣੀ ਦੀ ਸੰਭਾਲ, ਫ਼ਸਲੀ ਵਿਭਿੰਨਤਾ, ਸਭ ਦਾ ਵਿਅਕਤੀਗਤ ਪੱਧਰ ਤੇ ਯੋਗਦਾਨ ਤੇ ਅਮਲ ਤੇ ਟਿਕਾਊ ਖੇਤੀਬਾੜੀ ਮਾਡਲਾਂ ‘ਤੇ ਜ਼ੋਰ ਦਿੱਤਾ। ਇਸ ਮੌਕੇ ਜਵਾਹਰ ਨਵੋਦਿਆ ਵਿਦਿਆਲਿਆ, ਮਸੀਤਾਂ ਤੋਂ ਸਟਾਫ ਮੈਂਬਰ ਤੇ ਵਿਦਿਆਰਥੀ ਨੇੜਲੇ ਪਿੰਡਾਂ ਵਿਸ਼ੇਸ਼ ਕਰਕੇ ਸੰਧਰ ਜਗੀਰ, ਕਾਹਨਾ ਅਤੇ ਸੁਖੀਆ ਨੰਗਲ ਦੇ ਕਿਸਾਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸੈਮੀਨਾਰ ਦੇ ਕੋਆਰਡੀਨੇਟਰ ਡਾ. ਪਰਮਜੀਤ ਕੌਰ, ਮੁਖੀ, ਸਾਇੰਸ ਵਿਭਾਗ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਲਜ ਵੱਲੋਂ ਆਏ ਹੋਏ ਸਭ ਮਹਿਮਾਨਾਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।