5 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਇਕ ਕਾਬੂ, ਦੋ ਹੋਰ ਨਾਮਜ਼ਦ
05 ਚੋਰੀਸ਼ੁਦਾ ਮੋਟਰਸਾਇਕਲਾਂ ਸਮੇਤ ਇੱਕ ਕਾਬੂ, ਦੋ ਹੋਰ ਨਾਮਜ਼ਦ
Publish Date: Fri, 02 Jan 2026 08:59 PM (IST)
Updated Date: Fri, 02 Jan 2026 09:02 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਪੁਲਿਸ ਨੂੰ ਮਹੱਤਵਪੂਰਨ ਸਫਲਤਾ ਹਾਸਲ ਹੋਈ ਹੈ। ਇਹ ਕਾਰਵਾਈ ਪ੍ਰਭਜੋਤ ਸਿੰਘ ਐੱਸਪੀ/ਡੀ ਕਪੂਰਥਲਾ ਦੀ ਅਗਵਾਈ ਅਤੇ ਧਰੇਂਦਰ ਵਰਮਾ ਏਐੱਸਪੀ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ, ਇੰਸਪੈਕਟਰ ਸੋਨਮਦੀਪ ਕੌਰ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਅਨੁਸਾਰ ਏਐੱਸਆਈ ਜੁਗਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮਾਛੀਜੋਆ ਪੁਲ ਨੇੜੇ ਨਾਕਾਬੰਦੀ ਦੌਰਾਨ ਵਿੱਕੀ ਤੇਲੀ ਪੁੱਤਰ ਚਮਨ ਲਾਲ, ਵਾਸੀ ਚੰਡੀਗੜ੍ਹ ਬਸਤੀ ਸੁਲਤਾਨਪੁਰ ਲੋਧੀ ਨੂੰ ਇਕ ਚੋਰੀਸ਼ੁਦਾ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਮੁਕੱਦਮਾ ਨੰਬਰ 316 ਮਿਤੀ 22-12-2025 ਅਧੀਨ ਧਾਰਾ 303(2), 317(2) ਬੀਐੱਨਐੱਸ ਥਾਣਾ ਸੁਲਤਾਨਪੁਰ ਲੋਧੀ ਵਿਚ ਦਰਜ ਕੀਤਾ ਗਿਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਤਫਤੀਸ਼ ਦੌਰਾਨ ਮਿਤੀ 31-12-2025 ਨੂੰ ਵਿਜੈ ਕੁਮਾਰ ਉਰਫ਼ ਚੇਲਾ ਪੁੱਤਰ ਚਰਨ ਦਾਸ, ਵਾਸੀ ਸੁਲਤਾਨਪੁਰ ਲੋਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਨਿਸ਼ਾਨਦੇਹੀ ‘ਤੇ ਹੁਣ ਤੱਕ 5 ਚੋਰੀਸ਼ੁਦਾ ਮੋਟਰਸਾਈਕਲਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿਚ ਲੱਭਾ, ਵਾਸੀ ਫੁਹਾਰਾ ਚੌਕ ਸੁਲਤਾਨਪੁਰ ਲੋਧੀ ਅਤੇ ਮਨਸਾਧ ਕੁਮਾਰ ਪੁੱਤਰ ਰਜਿੰਦਰ ਕੁਮਾਰ, ਵਾਸੀ ਲੋਹੀਆ ਖਾਸ ਨੂੰ ਵੀ ਨਾਮਜ਼ਦ ਦੋਸ਼ੀ ਕੀਤਾ ਗਿਆ ਹੈ। ਪੁਲਿਸ ਵੱਲੋਂ ਹੋਰ ਗਹਿਰੀ ਤਫਤੀਸ਼ ਜਾਰੀ ਹੈ।