ਫਗਵਾੜਾ ’ਚ ਫਿਰ ਸਾਹਮਣੇ ਆਇਆ ਗਊ ਤਸਕਰੀ ਦਾ ਮੁੱਦਾ
ਇੱਕ ਵਾਰ ਫੇਰ ਫਗਵਾੜਾ ਵਿਖੇ ਸਾਹਮਣੇ ਆਇਆ ਗਉਤਸਕਰੀ ਦਾ ਮੁੱਦਾ
Publish Date: Thu, 26 Feb 2026 08:20 PM (IST)
Updated Date: Thu, 26 Feb 2026 08:22 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੀਤੇ ਕੁਝ ਮਹੀਨੇ ਪਹਿਲਾਂ ਫਗਵਾੜਾ ਦੇ ਇਕ ਢਾਬੇ ਨਜ਼ਦੀਕ ਬੰਦ ਪਏ ਪੈਲੇਸ ਵਿਚ ਗਊ ਤਸਕਰੀ ਦਾ ਪਰਦਾਫਾਸ਼ ਕਰਕੇ ਹਿੰਦੂ ਸੰਗਠਨਾਂ ਨੇ ਵੱਡੀ ਤਾਦਾਦ ਵਿਚ ਉਥੋਂ ਗਊ ਮਾਸ ਬਰਾਮਦ ਕੀਤਾ ਸੀ। ਉਸ ਤੋਂ ਬਾਅਦ ਇਹ ਮਾਮਲਾ ਠੰਡੇ ਬਸਤੇ ਵਿਚ ਜਾ ਪਿਆ ਤੇ ਹੁਣ ਇਕ ਵਾਰ ਫਿਰ ਦੇਰ ਰਾਤ ਫਗਵਾੜਾ ਦੇ ਕੁਝ ਹਿੰਦੂ ਸੰਗਠਨਾਂ ਨੇ ਦੋ ਗੱਡੀਆਂ ਰੋਕਕੇ ਉਸ ਵਿਚੋਂ ਗਊ ਤੇ ਬਲਦ ਬਰਾਮਦ ਕੀਤੇ, ਜਿਸ ਤੋਂ ਬਾਅਦ ਮੌਕੇ ’ਤੇ ਫਗਵਾੜਾ ਪੁਲਿਸ ਵੀ ਪਹੁੰਚ ਗਈ ਤੇ ਜਦੋਂ ਹਿੰਦੂ ਆਗੂਆਂ ਤੇ ਪੁਲਿਸ ਨੇ ਟਰੱਕਾਂ ਨੂੰ ਖੋਲ ਕੇ ਦੇਖਿਆ ਤਾਂ ਉਸ ਵਿਚੋਂ ਇਕ ਗਊ ਤੇ 9 ਬਲਦ ਬਰਾਮਦ ਹੋਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਿੰਦੂ ਲੀਡਰ ਹਰਸ਼ ਭੱਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਤੋਂ ਦੋ ਟਰੱਕ ਗਊ ਵੰਸ਼ ਲੈਕੇ ਜਾ ਰਹੇ ਹਨ। ਜਦੋਂ ਟਰੱਕਾਂ ਨੂੰ ਫਗਵਾੜਾ ਸ਼ੂਗਰ ਮਿਲ ਪੁੱਲ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਕ ਡਰਾਈਵਰ ਨੇ ਹਿੰਦੂ ਸੰਗਠਨ ਦੇ ਆਗੂਆਂ ਦੇ ਉੱਪਰ ਹੀ ਟਰੱਕ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਟਰੱਕ ਡਿਵਾਈਡਰ ’ਤੇ ਚੜ੍ਹ ਗਿਆ ਤੇ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪੁਲਿਸ ਟੀਮਾਂ ਵੀ ਪਹੁੰਚ ਗਈਆਂ। ਦੂਜੇ ਟਰੱਕ ਵਿਚ ਮੌਜੂਦ ਦੋ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਤੇ ਟਰੱਕਾਂ ਵਿਚੋਂ ਬਰਾਮਦ 9 ਬਲਦਾਂ ਤੇ ਇਕ ਗਊ ਨੂੰ ਗਊਸ਼ਾਲਾ ਭੇਜ ਦਿਤਾ ਗਿਆ। ਉਨ੍ਹਾਂ ਦਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।