ਰਾਜਨੀਤੀ ’ਚ ਸਥਾਈ ਦੋਸਤ ਜਾਂ ਵੈਰੀ ਨਹੀਂ ਹੁੰਦੇ : ਠਾਕੁਰ
ਰਾਜਨੀਤੀ ਦੇ ਰੰਗ – ਨਗਰ ਨਿਗਮ ਫਗਵਾੜਾ ਤੋਂ ਬਲਾਕ ਸੰਮਤੀ ਤੱਕ,ਠਾਕੁਰ
Publish Date: Fri, 06 Mar 2026 07:17 PM (IST)
Updated Date: Fri, 06 Mar 2026 07:21 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੀ ਰਾਜਨੀਤੀ ਵਿਚ ਅਕਸਰ ਅਜਿਹੇ ਮੋੜ ਆਉਂਦੇ ਹਨ, ਜਿਥੇ ਪਾਰਟੀਆਂ ਆਪਣੇ ਸਿਆਸੀ ਹਿੱਤਾਂ ਲਈ ਇਕੱਠੀਆਂ ਵੀ ਹੋ ਜਾਂਦੀਆਂ ਹਨ ਤੇ ਵੱਖ ਵੀ ਹੋ ਜਾਂਦੀਆਂ ਹਨ। ਇਹੀ ਦ੍ਰਿਸ਼ ਫਗਵਾੜਾ ਦੀ ਰਾਜਨੀਤੀ ਵਿਚ ਵੀ ਦੇਖਣ ਨੂੰ ਮਿਲਿਆ। ਕੁਝ ਸਮਾਂ ਪਹਿਲਾਂ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਦੌਰਾਨ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਇਕੱਠੀਆਂ ਹੋ ਗਈਆਂ ਸਨ। ਉਸ ਸਮੇਂ ਉਨ੍ਹਾਂ ਦਾ ਮੁੱਖ ਮਕਸਦ ਕਾਂਗਰਸ ਨੂੰ ਮੇਅਰ ਦੀ ਕੁਰਸੀ ਤੋਂ ਦੂਰ ਰੱਖਣਾ ਸੀ। ਇਸ ਲਈ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਨਿਗਮ ਦਾ ਮੇਅਰ ਬਣਾਇਆ। ਉਸ ਸਮੇਂ ਇਹ ਗੱਲ ਚਰਚਾ ਦਾ ਵਿਸ਼ਾ ਵੀ ਬਣੀ ਕਿ ਰਾਜਨੀਤੀ ਵਿਚ ਸਥਾਈ ਦੋਸਤ ਜਾਂ ਵੈਰੀ ਨਹੀਂ ਹੁੰਦੇ, ਸਿਰਫ਼ ਹਿੱਤ ਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ ਨੇ ਕਿਹਾ ਕਿ ਸਮਾਂ ਬਦਲਿਆ ਤੇ ਸਿਆਸੀ ਹਾਲਾਤ ਵੀ ਬਦਲੇ। ਹੁਣ ਹਾਲ ਹੀ ਵਿਚ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਦ੍ਰਿਸ਼ ਕੁਝ ਹੋਰ ਹੀ ਸੀ। ਇਸ ਵਾਰ ਕਾਂਗਰਸ ਪਾਰਟੀ ਨੇ ਹੋਰ ਪਾਰਟੀਆਂ ਨਾਲ ਮਿਲ ਕੇ ਆਪਣਾ ਬਲਾਕ ਸੰਮਤੀ ਚੇਅਰਮੈਨ ਬਣਾਉਣ ਵਿਚ ਕਾਮਯਾਬੀ ਹਾਸਲ ਕਰ ਲਈ। ਜਿਸ ਤਰ੍ਹਾਂ ਪਹਿਲਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਾਂਗਰਸ ਦੇ ਖਿਲਾਫ ਖੜ੍ਹੀਆਂ ਹੋਈਆਂ ਸਨ, ਉਸਦੇ ਉਲਟ ਇਸ ਵਾਰ ਕਾਂਗਰਸ ਨੇ ਹੀ ਸਿਆਸੀ ਸਮੀਕਰਨ ਬਣਾਕੇ ਆਪਣਾ ਦਬਦਬਾ ਕਾਇਮ ਕੀਤਾ। ਇਹ ਘਟਨਾ ਸਪਸ਼ਟ ਕਰਦੀ ਹੈ ਕਿ ਰਾਜਨੀਤੀ ਵਿਚ ਹਾਲਾਤ ਤੇ ਗਣਿਤ ਹਰ ਵੇਲੇ ਬਦਲਦੇ ਰਹਿੰਦੇ ਹਨ। ਅੱਜ ਜੋ ਪਾਰਟੀ ਵਿਰੋਧ ਵਿਚ ਹੁੰਦੀ ਹੈ, ਕੱਲ ਉਹੀ ਗਠਜੋੜ ਦਾ ਹਿੱਸਾ ਬਣ ਸਕਦੀ ਹੈ। ਫਗਵਾੜਾ ਦੀ ਰਾਜਨੀਤੀ ਦਾ ਇਹ ਤਾਜ਼ਾ ਮਾਮਲਾ ਵੀ ਇਹੀ ਦਰਸਾਉਂਦਾ ਹੈ ਕਿ ਸਿਆਸਤ ਵਿਚ ਕੋਈ ਵੀ ਸਮੀਕਰਨ ਸਥਾਈ ਨਹੀਂ ਹੁੰਦਾ। ਅੰਤ ਵਿਚ ਕਹਿ ਸਕਦੇ ਹਾਂ ਕਿ ਨਗਰ ਨਿਗਮ ਤੋਂ ਲੈ ਕੇ ਬਲਾਕ ਸੰਮਤੀ ਤੱਕ ਦੀ ਇਹ ਸਿਆਸੀ ਯਾਤਰਾ ਫਗਵਾੜਾ ਦੀ ਰਾਜਨੀਤੀ ਦੇ ਬਦਲਦੇ ਰੰਗਾਂ ਨੂੰ ਦਰਸਾਉਂਦੀ ਹੈ ਤੇ ਲੋਕਾਂ ਲਈ ਇਹ ਇਕ ਸਬਕ ਵੀ ਹੈ ਕਿ ਸਿਆਸਤ ਵਿਚ ਹਾਲਾਤ ਅਨੁਸਾਰ ਗੱਠਜੋੜ ਬਣਦੇ ਤੇ ਟੁੱਟਦੇ ਰਹਿੰਦੇ ਹਨ ਪਰ ਕਿਤੇ ਨਾ ਕਿਤੇ ਵੋਟਰਾਂ ਦੇ ਮਨ ’ਤੇ ਇਸ ਤਰ੍ਹਾਂ ਦੇ ਇਕੱਠ ਦਾ ਜ਼ਰੂਰ ਨਕਰਾਤਮਕ ਅਸਰ ਪੈਂਦਾ ਹੈ। ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਸਹੀ ਢੰਗ ਨਾਲ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਵਧੀਆ ਪਾਰਟੀ ਦੀ ਚੋਣ ਹੋਵੇ ਤੇ ਵਿਕਾਸ ਕਾਰਜ ਵਧੀਆ ਢੰਗ ਨਾਲ ਹੋ ਸਕਣ।