ਸੋਸ਼ਲ ਮੀਡੀਆ ਦੇ ਦਬਾਅ ਹੇਠ ਅਖਬਾਰੀ ਪੱਤਰਕਾਰਿਤਾ : ਐਡ. ਸੰਧਾ
ਸੋਸ਼ਲ ਮੀਡੀਆ ਦੇ ਦਬਾਅ ਹੇਠ ਅਖਬਾਰੀ ਪੱਤਰਕਾਰਤਾ : ਐਡਵੋਕੇਟ ਜਰਨੈਲ ਸਿੰਘ ਸੰਧਾ
Publish Date: Thu, 15 Jan 2026 06:44 PM (IST)
Updated Date: Thu, 15 Jan 2026 06:45 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਅੱਜਕੱਲ ਦੇ ਬੜੇ ਹੀ ਅਹਿਮ ਮੁੱਦੇ ਬਾਰੇ ਸੀਨੀਅਰ ਐਡਵੋਕੇਟ ਜਰਨੈਲ ਸਿੰਘ ਸੰਧਾ, ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਸਮਾਜ ਵਿਚ ਅਖਬਾਰਾਂ ਦੀ ਭੂਮਿਕਾ ਸਿਰਫ਼ ਖ਼ਬਰਾਂ ਪਹੁੰਚਾਉਣ ਤੱਕ ਸੀਮਤ ਨਹੀਂ ਰਹੀ, ਬਲਕਿ ਇਹ ਲੋਕਾਂ ਦੀ ਆਵਾਜ਼ ਬਣ ਕੇ ਸੱਤਾ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣ ਦਾ ਮਜ਼ਬੂਤ ਮਾਧਿਅਮ ਰਹੀਆਂ ਹਨ ਪਰ ਮੌਜੂਦਾ ਦੌਰ ਵਿਚ ਸੋਸ਼ਲ ਮੀਡੀਆ ਦੇ ਬੇਹੱਦ ਤੇਜ਼ ਫੈਲਾਅ ਨੇ ਅਖਬਾਰੀ ਪੱਤਰਕਾਰਿਤਾ ਨੂੰ ਗੰਭੀਰ ਚੁਣੌਤੀਆਂ ਦੇ ਸਾਹਮਣੇ ਖੜਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਖ਼ਬਰਾਂ ਦੀ ਜਲਦਬਾਜ਼ੀ ਨੇ ਲੋਕਾਂ ਦਾ ਧੀਰਜ ਘਟਾ ਦਿੱਤਾ ਹੈ। ਬਿਨਾਂ ਜਾਂਚ-ਪੜਤਾਲ ਅਫ਼ਵਾਹਾਂ ਤੇ ਅਧੂਰੀ ਜਾਣਕਾਰੀ ਨੂੰ ਖ਼ਬਰਾਂ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌੜ ਵਿਚ ਕਈ ਅਖਬਾਰ ਵੀ ਦਬਾਅ ਹੇਠ ਆ ਕੇ ਗਹਿਰੀ ਜਾਂਚ ਅਤੇ ਸੰਤੁਲਿਤ ਵਿਸ਼ਲੇਸ਼ਣ ਦੀ ਥਾਂ ਸਿਰਫ਼ ਤੇਜ਼ੀ ਨੂੰ ਤਰਜੀਹ ਦੇਣ ਲੱਗ ਪਏ ਹਨ, ਜੋ ਪੱਤਰਕਾਰਿਤਾ ਦੀ ਆਤਮਾ ਨਾਲ ਸਮਝੌਤਾ ਹੈ। ਦੂਜੇ ਪਾਸੇ, ਅਖਬਾਰਾਂ ਦੀ ਵਿੱਤੀ ਨਿਰਭਰਤਾ ਸਰਕਾਰੀ ਇਸ਼ਤਿਹਾਰਾਂ ’ਤੇ ਵਧਦੀ ਜਾ ਰਹੀ ਹੈ। ਇਹ ਨਿਰਭਰਤਾ ਸੰਪਾਦਕੀ ਸੁਤੰਤਰਤਾ ਲਈ ਸਿੱਧੀ ਚੁਣੌਤੀ ਬਣ ਰਹੀ ਹੈ। ਨਤੀਜੇ ਵਜੋਂ ਕਿਸਾਨੀ ਮੁਸ਼ਕਿਲਾਂ, ਮਜ਼ਦੂਰ ਵਰਗ ਦੀ ਬੇਹਾਲੀ, ਮਹਿੰਗਾਈ, ਸਿਹਤ ਅਤੇ ਸਿੱਖਿਆ ਵਰਗੇ ਅਸਲ ਲੋਕ ਮੁੱਦੇ ਅਕਸਰ ਹਾਸ਼ੀਏ ’ਤੇ ਧੱਕੇ ਜਾਂਦੇ ਹਨ, ਜਦਕਿ ਸਰਕਾਰੀ ਬਿਆਨਾਂ ਅਤੇ ਸਮਾਗਮਾਂ ਨੂੰ ਮੁੱਖ ਸੁਰਖੀਆਂ ਮਿਲਦੀਆਂ ਹਨ। ਐਡਵੋਕੇਟ ਜਰਨੈਲ ਸਿੰਘ ਸੰਧਾ ਨੇ ਕਿਹਾ ਕਿ ਇਹ ਰੁਝਾਨ ਲੋਕਤੰਤਰ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਜੇ ਅਖਬਾਰ ਸੱਤਾ ਤੋਂ ਸਵਾਲ ਪੁੱਛਣ ਦੀ ਥਾਂ ਉਸਦੇ ਪ੍ਰਚਾਰਕ ਬਣ ਜਾਣ, ਤਾਂ ਲੋਕਾਂ ਦਾ ਭਰੋਸਾ ਟੁੱਟਣਾ ਲਾਜ਼ਮੀ ਹੈ। ਸੋਸ਼ਲ ਮੀਡੀਆ ਦੀ ਬੇ-ਰੋਕਟੋਕ ਭੀੜ ਵਿਚ ਅਖਬਾਰਾਂ ਦੀ ਪਛਾਣ ਅਜੇ ਵੀ ਭਰੋਸੇਯੋਗਤਾ, ਤੱਥਾਂ ਦੀ ਜਾਂਚ ਅਤੇ ਸੰਤੁਲਿਤ ਰਾਏ ਨਾਲ ਹੀ ਬਣੀ ਰਹਿ ਸਕਦੀ ਹੈ। ਲੋੜ ਇਸ ਗੱਲ ਦੀ ਹੈ ਕਿ ਅਖਬਾਰ ਇਸ਼ਤਿਹਾਰਾਂ ਦੀ ਮਜ਼ਬੂਰੀ ਤੋਂ ਉੱਪਰ ਉੱਠ ਕੇ ਆਪਣੀ ਸੰਪਾਦਕੀ ਆਜ਼ਾਦੀ ਨੂੰ ਮਜ਼ਬੂਤ ਕਰਨ। ਲੋਕ ਮੁੱਦਿਆਂ ਨੂੰ ਪਹਿਲ ਦਿੱਤੀ ਜਾਵੇ ਅਤੇ ਪੱਤਰਕਾਰਿਤਾ ਨੂੰ ਮਿਸ਼ਨ ਵਜੋਂ ਅਪਣਾਇਆ ਜਾਵੇ, ਨਾ ਕਿ ਸਿਰਫ਼ ਵਪਾਰ ਵਜੋਂ। ਸੋਸ਼ਲ ਮੀਡੀਆ ਨਾਲ ਮੁਕਾਬਲਾ ਉਸ ਦੀ ਨਕਲ ਕਰਕੇ ਨਹੀਂ, ਸਗੋਂ ਸੱਚ, ਵਿਸ਼ਲੇਸ਼ਣ ਅਤੇ ਜ਼ਿੰਮੇਵਾਰੀ ਨਾਲ ਹੀ ਕੀਤਾ ਜਾ ਸਕਦਾ ਹੈ। ਅਖੀਰ ਵਿਚ ਉਨ੍ਹਾਂ ਕਿਹਾ ਕਿ ਜੇ ਅਖਬਾਰਾਂ ਨੇ ਅੱਜ ਆਪਣੇ ਰਸਤੇ ਨੂੰ ਠੀਕ ਨਾ ਕੀਤਾ, ਤਾਂ ਆਉਣ ਵਾਲਾ ਸਮਾਂ ਪੱਤਰਕਾਰਿਤਾ ਲਈ ਨਹੀਂ, ਸਗੋਂ ਸਿਰਫ਼ ਸ਼ੋਰ ਅਤੇ ਪ੍ਰਚਾਰ ਲਈ ਯਾਦ ਕੀਤਾ ਜਾਵੇਗਾ, ਜਿਸਦਾ ਸਭ ਤੋਂ ਵੱਡਾ ਨੁਕਸਾਨ ਲੋਕਤੰਤਰ ਨੂੰ ਹੋਵੇਗਾ।