ਨਵ-ਵਿਆਹੁਤਾ ਦੀ ਸ਼ੱਕੀ ਹਲਾਤਾਂ ’ਚ ਮੌਤ, ਪਰਿਵਾਰ ਵੱਲੋਂ ਕਤਲ ਦਾ ਦੋਸ਼
ਸ਼ੱਕੀ ਹਾਲਾਤਾਂ ਵਿੱਚ ਨਵ ਵਿਆਹੁਤਾ ਦੀ ਮੌਤ, ਲੜਕੀ ਪਰਿਵਾਰ ਵੱਲੋਂ ਕਤਲ ਦਾ ਦੋਸ਼
Publish Date: Thu, 05 Mar 2026 09:52 PM (IST)
Updated Date: Thu, 05 Mar 2026 09:53 PM (IST)

ਚਾਰ ਸਾਲ ਪਹਿਲਾਂ ਲੜਕੀ ਨੇ ਕਰਵਾਈ ਸੀ ਲਵ ਮੈਰਿਜ ਪਰਿਵਾਰ ਦਾ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹੋਣ ਦਾ ਦਾਅਵਾ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਤਲਵੰਡੀ ਚੌਧਰੀਆਂ ਇਲਾਕੇ ਵਿਚ ਸ਼ੱਕੀ ਹਲਾਤਾਂ ਹੇਠ ਇਕ ਨਵ-ਵਿਆਹੁਤਾ ਲੜਕੀ ਦੀ ਮੌਤ ਹੋ ਜਾਣ ਨਾਲ ਸਨਸਨੀ ਫੈਲ ਗਈ ਹੈ। ਮ੍ਰਿਤਕਾ ਦੀ ਪਛਾਣ ਮੋਨਿਕਾ ਵਜੋਂ ਹੋਈ ਹੈ। ਮੋਨਿਕਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਮੌਤ ਨੂੰ ਸ਼ੱਕੀ ਕਰਾਰ ਦਿੰਦਿਆਂ ਸਹੁਰੇ ਪਰਿਵਾਰ ’ਤੇ ਕਥਿਤ ਤੌਰ ’ਤੇ ਹੱਤਿਆ ਦਾ ਗੰਭੀਰ ਦੋਸ਼ ਲਗਾਇਆ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕਾ ਦੇ ਪਿਤਾ ਰਾਮ ਲੁਭਾਇਆ ਵਾਸੀ ਪਿੰਡ ਜਵਾਹਰ ਨਗਰ ਭੁਲੱਥ, ਚਾਚਾ ਤਰਸੇਮ ਸਿੰਘ, ਭਰਾ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਮੋਨਿਕਾ (28) ਨੇ ਕਰੀਬ ਚਾਰ ਸਾਲ ਪਹਿਲਾਂ ਤਲਵੰਡੀ ਚੌਧਰੀਆਂ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਲਵ ਮੈਰਿਜ ਕਰਵਾਈ ਸੀ। ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਵਿਚ ਰਹਿ ਰਹੀ ਸੀ। ਪਿਤਾ ਰਾਮ ਲੁਭਾਇਆ ਤੇ ਚਾਚਾ ਤਰਸੇਮ ਸਿੰਘ ਮੁਤਾਬਕ ਅੱਜ ਦੁਪਹਿਰ ਕਰੀਬ 2 ਵਜੇ ਉਨ੍ਹਾਂ ਨੂੰ ਲੜਕੀ ਦੇ ਗੁਆਂਢੀਆਂ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਮੋਨਿਕਾ ਦੀ ਤਬੀਅਤ ਖ਼ਰਾਬ ਹੈ। ਜਦੋਂ ਉਹ ਤੁਰੰਤ ਤਲਵੰਡੀ ਚੌਧਰੀਆਂ ਪਹੁੰਚੇ ਤਾਂ ਉਥੇ ਦੇਖਿਆ ਕਿ ਮੋਨਿਕਾ ਦੀ ਮੌਤ ਹੋ ਚੁੱਕੀ ਸੀ ਤੇ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਸਾਨੂੰ ਦੱਸਿਆ ਗਿਆ ਕਿ ਲੜਕੀ ਨੇ ਆਤਮਹੱਤਿਆ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਵੱਲੋਂ ਇਸ ਸਬੰਧੀ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਮੋਨਿਕਾ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ, ਜਿਸ ਨਾਲ ਉਨ੍ਹਾਂ ਨੂੰ ਸ਼ੱਕ ਹੈ ਕਿ ਮੋਨਿਕਾ ਦੀ ਹੱਤਿਆ ਕਥਿਤ ਤੌਰ ’ਤੇ ਸੋਚੀ-ਸਮਝੀ ਸਾਜਿਸ਼ ਤਹਿਤ ਸਹੁਰਾ ਪਰਿਵਾਰ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀ ਸਹੁਰਾ ਪਰਿਵਾਰ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਦੂਜੇ ਪਾਸੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ। ਹਾਲਾਂਕਿ ਲੜਕੇ ਪੱਖ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।