ਵਾਰਡਬੰਦੀ ਦਾ ਨਵਾਂ ਨਕਸ਼ਾ ਜਨਤਕ, 5 ਮਈ ਤਕ ਫਾਈਨਲ ਵੋਟਰ ਸੂਚੀ ਜਾਰੀ ਹੋਵੇਗੀ : ਈਓ ਬਿਲਗਾ
ਵਾਰਡਬੰਦੀ ਦਾ ਨਵਾਂ ਨਕਸ਼ਾ ਜਨਤਕ, 5 ਮਈ ਤੱਕ ਫਾਈਨਲ ਵੋਟਰ ਸੂਚੀ ਜਾਰੀ ਹੋਵੇਗੀ: ਈਓ ਬਲਜੀਤ ਸਿੰਘ ਬਿਲਗਾ
Publish Date: Sat, 11 Apr 2026 09:43 PM (IST)
Updated Date: Sat, 11 Apr 2026 09:47 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਕਾਰਜ ਸਾਧਕ ਅਫਸਰ (ਈਓ) ਬਲਜੀਤ ਸਿੰਘ ਬਿਲਗਾ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਸ਼ਹਿਰ ਦੇ ਪਤਵੰਤਿਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਵਾਰਡਬੰਦੀ ਦਾ ਨਵਾਂ ਨਕਸ਼ਾ ਜਨਤਕ ਕੀਤਾ ਗਿਆ, ਜਿਸ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀ ਹਦਬੰਦੀ ਸਪੱਸ਼ਟ ਹੋ ਗਈ ਹੈ। ਇਸ ਮੌਕੇ ਈਓ ਬਲਜੀਤ ਸਿੰਘ ਬਿਲਗਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਕੁੱਲ 13 ਵਾਰਡ ਹਨ। ਜਿਨ੍ਹਾਂ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ 31 ਦਸੰਬਰ 2025 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਦੇ ਆਧਾਰ ’ਤੇ ਚੋਣਾਂ ਨਵੀਂ ਵਾਰਡਬੰਦੀ ਤਹਿਤ ਕਰਵਾਈਆਂ ਜਾਣਗੀਆਂ ਅਤੇ ਪੂਰੀ ਪ੍ਰਕਿਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਅੰਜ਼ਾਮ ਦਿੱਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੀਂ ਵੋਟਰ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ 15 ਅਪ੍ਰੈਲ 2026 ਤੱਕ ਨਵੀਆਂ ਵੋਟਾਂ ਬਣਾਈਆਂ ਜਾਣਗੀਆਂ। ਜੋ ਨੌਜਵਾਨ, ਔਰਤਾਂ 23 ਅਪ੍ਰੈਲ 2026 ਤੱਕ 18 ਸਾਲ ਦੀ ਉਮਰ ਪੂਰੀ ਕਰ ਲੈਦੀਆਂ ਹਨ, ਉਹ ਵੀ ਆਪਣੀ ਵੋਟ ਬਣਵਾ ਸਕਦੇ ਹਨ। ਇਸ ਲਈ ਸਬੰਧਿਤ ਬੀਐੱਲਓ ਜਾਂ ਨਗਰ ਕੌਂਸਲ ਦਫ਼ਤਰ ਵਿੱਚ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਤੋਂ 23 ਅਪ੍ਰੈਲ 2026 ਤੱਕ ਵੋਟਰ ਸੂਚੀ ’ਤੇ ਇਤਰਾਜ਼ ਅਤੇ ਦਾਅਵੇ ਦਰਜ ਕਰਵਾਏ ਜਾ ਸਕਦੇ ਹਨ, ਜਿਨ੍ਹਾਂ ਦਾ ਨਿਪਟਾਰਾ ਐੱਸਡੀਐੱਮ ਵੱਲੋਂ 30 ਅਪ੍ਰੈਲ ਤੱਕ ਕਰ ਦਿੱਤਾ ਜਾਵੇਗਾ। ਈਓ ਬਿਲਗਾ ਨੇ ਕਿਹਾ ਕਿ 5 ਮਈ 2026 ਤੱਕ ਫਾਈਨਲ ਵੋਟਰ ਸੂਚੀ ਨਗਰ ਕੌਂਸਲ ਦਫ਼ਤਰ ਵਿੱਚ ਜਨਤਕ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਚੋਣਾਂ ਦੀ ਅਗਲੀ ਪ੍ਰਕਿਰਿਆ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਗੇ ਵਧਾਈ ਜਾਵੇਗੀ। ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਆਪਣੇ ਸੁਝਾਅ ਵੀ ਪੇਸ਼ ਕੀਤੇ ਅਤੇ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ,ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਕੌਂਸਲਰ ਪ੍ਰਿਤਪਾਲ ਸਿੰਘ ਪਾਲੀ ਬਾਬਾ, ਸਾਬਕਾ ਕੌਂਸਲਰ ਵਿੱਕੀ ਚੌਹਾਨ, ‘ਆਪ’ ਆਗੂ ਜਤਿੰਦਰ ਸੇਠੀ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸ਼੍ਰੋਮਣੀ ਅਕਾਲੀ ਦਲ ਤੋਂ ਦਰਬਾਰਾ ਸਿੰਘ ਵਿਰਦੀ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਕਰਨ ਚੌਹਾਨ, ਜਤਿੰਦਰ ਲਾਹੌਰਾ, ਕੌਂਸਲਰ ਰਜਿੰਦਰ ਸਿੰਘ, ਰਜੇਸ਼ ਕੁਮਾਰ ਰਾਜੂ, ਮਾਧਵ ਗੁਪਤਾ, ਸ਼ਿੰਦਰਪਾਲ, ਰੰਮੀ ਗੁਪਤਾ, ਸਤਪਾਲ ਕਾਲਾ, ਡਾ. ਅਮਨ, ਡਾ. ਮੰਗਾ, ਸੰਜੀਵ ਘਈ, ਰਵੀ ਕੁਮਾਰ, ਸ਼ੁਭਮ, ਗੌਰਵ, ਰਾਜ ਕੁਮਾਰ, ਬਲਜੋਧ ਸਿੰਘ ਗਿੱਲ, ਸਤਨਾਮ ਸਿੰਘ ਆਦਿ ਮੌਜੂਦ ਸਨ।