ਮਾਈਨਿੰਗ ਵਾਲੀ ਜ਼ਮੀਨ ਪੰਚਾਇਤੀ ਨਹੀਂ ਮੇਰੀ ਵਿਰਾਸਤੀ : ਹਰਜਿੰਦਰ ਸਿੰਘ
ਮਾਈਨਿੰਗ ਮਾਮਲੇ ’ਚ ਨਵਾਂ ਮੋੜ — ਕਿਸਾਨ ਹਰਜਿੰਦਰ ਸਿੰਘ ਨੇ ਦਿਖਾਏ ਨਕਸ਼ੇ ਤੇ ਰਿਕਾਰਡ, ਕਿਹਾ ਜ਼ਮੀਨ ਪੰਚਾਇਤੀ ਨਹੀਂ ਮੇਰੀ ਵਿਰਾਸਤੀ
Publish Date: Tue, 17 Mar 2026 08:29 PM (IST)
Updated Date: Tue, 17 Mar 2026 08:31 PM (IST)

ਮਾਈਨਿੰਗ ਮਾਮਲੇ ’ਚ ਨਵਾਂ ਮੋੜ-ਕਿਸਾਨ ਨੇ ਦਿਖਾਏ ਨਕਸ਼ੇ ਤੇ ਰਿਕਾਰਡ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮੰਡ ਇਲਾਕੇ ਵਿਚ ਪਿੰਡ ਸਰਦੁੱਲਾਪੁਰ ਨਾਲ ਸਬੰਧਤ ਜ਼ਮੀਨ ਤੋਂ ਮਿੱਟੀ ਕੱਢਣ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਜ਼ਮੀਨ ਦੇ ਖੁਦ ਕਾਸ਼ਤਕਾਰ ਹਰਜਿੰਦਰ ਸਿੰਘ ਵਾਸੀ ਪਿੰਡ ਹਾਜ਼ੀਪੁਰ, ਤਹਿਸੀਲ ਸੁਲਤਾਨਪੁਰ ਲੋਧੀ ਵੱਲੋਂ ਆਪਣੇ ਉੱਤੇ ਲਗ ਰਹੇ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਇਹ ਜ਼ਮੀਨ ਪੰਚਾਇਤੀ ਨਹੀਂ, ਸਗੋਂ ਉਸਦੀ ਨਿੱਜੀ ਮਾਲਕੀ ਤੇ ਵਿਰਾਸਤੀ ਮਲਕੀਅਤ ਹੈ। ਹਰਜਿੰਦਰ ਸਿੰਘ ਨੇ ਨਕਸ਼ਾ, ਫਰਦ ਤੇ ਗਰਦੌਰੀ ਦੇ ਦਸਤਾਵੇਜ਼ ਦਿਖਾਉਂਦਿਆਂ ਕਿਹਾ ਕਿ ਜਿਸ ਜ਼ਮੀਨ ਤੋਂ ਮਿੱਟੀ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਉਸਦੀ ਆਪਣੀ ਮਲਕੀਅਤ ਵਾਲੀ ਜ਼ਮੀਨ ਹੈ। ਉਸਦਾ ਕਹਿਣਾ ਹੈ ਕਿ ਇਸ ਜ਼ਮੀਨ ਦਾ ਪੰਚਾਇਤੀ ਸ਼ਾਮਲਾਟ ਜ਼ਮੀਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸਨੇ ਦੱਸਿਆ ਕਿ ਇਲਾਕੇ ਵਿਚ ਬਣੇ ਬੰਨ੍ਹ ਦੀ ਮਜ਼ਬੂਤੀ ਲਈ ਉਹ ਆਪਣੀ ਜ਼ਮੀਨ ਵਿਚੋਂ ਮਿੱਟੀ ਚੁੱਕ ਕੇ ਬੰਨ੍ਹ ਉੱਤੇ ਪਾ ਰਿਹਾ ਹੈ। ਉਸਦੇ ਮੁਤਾਬਕ ਉਸ ਉੱਤੇ ਲਗਾਏ ਜਾ ਰਹੇ ਮਾਈਨਿੰਗ ਦੇ ਦੋਸ਼ ਬੇਬੁਨਿਆਦ ਤੇ ਝੂਠੇ ਹਨ। ਹਰਜਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਹ ਜ਼ਮੀਨ ਉਸਦੇ ਦਾਦਿਆਂ-ਪੜਦਾਦਿਆਂ ਤੋਂ ਵਿਰਾਸਤ ’ਚ ਮਿਲੀ ਹੈ ਤੇ ਉਹ ਕਈ ਸਾਲਾਂ ਤੋਂ ਇਸਦੀ ਖੁਦ ਕਾਸ਼ਤ ਕਰਦਾ ਆ ਰਿਹਾ ਹੈ। ਉਸਨੇ ਕਿਹਾ ਕਿ ਉਹ ਹਰ ਕਿਸਮ ਦੀ ਜਾਂਚ ਲਈ ਤਿਆਰ ਹੈ। ਉਸਨੇ ਕਿਹਾ,“ਜੇਕਰ ਕੋਈ ਵੀ ਵਿਭਾਗ ਚਾਹੇ ਮਾਈਨਿੰਗ ਹੋਵੇ ਜਾਂ ਪੰਚਾਇਤ ਵਿਭਾਗ ਮੌਕੇ ’ਤੇ ਆ ਕੇ ਜਾਂਚ ਕਰਨਾ ਚਾਹੇ ਤਾਂ ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਜੇਕਰ ਜਾਂਚ ਦੌਰਾਨ ਮੈਂ ਗਲਤ ਪਾਇਆ ਜਾਂਦਾ ਹਾਂ ਤਾਂ ਮੇਰੇ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।” ਉਧਰ ਇਸ ਮਾਮਲੇ ਨੂੰ ਲੈ ਕੇ ਇਲਾਕੇ ਵਿਚ ਚਰਚਾ ਜਾਰੀ ਹੈ ਤੇ ਹੁਣ ਸਾਰਿਆਂ ਦੀ ਨਜ਼ਰ ਪ੍ਰਸ਼ਾਸਨਿਕ ਜਾਂਚ ਦੀ ਅਗਲੀ ਕਾਰਵਾਈ ’ਤੇ ਟਿਕੀ ਹੋਈ ਹੈ, ਜਿਸ ਨਾਲ ਇਹ ਸਾਫ ਹੋਵੇਗਾ ਕਿ ਮਾਮਲੇ ਦੀ ਅਸਲ ਹਕੀਕਤ ਕੀ ਹੈ।