- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਣੇ ਲਿਫਾਫੇ ਵਿੱਚ ਨਵੀਂ ਪੈਕਿੰਗ ਦੇਸ਼ ਦਾ ਬਜਟ,ਫਗਵਾੜਾ ਵਾਸੀ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੀਤੇ ਦਿਨ 2026-27 ਦਾ ਸਲਾਨਾ ਬਜ਼ਟ ਪੇਸ਼ ਕੀਤਾ ਗਿਆ। ਕੇਂਦਰ ਸਰਕਾਰ ਦਾ 9ਵਾਂ ਬਜਟ ਹੋਣ ਕਾਰਣ ਲੋਕਾਂ ਨੂੰ ਇਸ ਤੋਂ ਬਹੁਤ ਜ਼ਿਆਦਾ ਉਮੀਦਾਂ ਸਨ ਪਰ ਵਿਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਨੌਵੇਂ ਬਜਟ ਵਿਚ ਅਗਲੇ ਪੰਜ ਸਾਲਾਂ ਵਿਚ ਮੁਫਤ ਸੋਲਰ ਬਿਜਲੀ, ਬਾਇਓਫਾਰਮ ਸ਼ਕਤੀ ਯੋਜਨਾ ਤਹਿਤ ਪੰਜ ਸਾਲਾਂ ਵਿਚ 10,000 ਕਰੋੜ ਦਾ ਨਿਵੇਸ਼, ਡਾਟਾ ਸੈਂਟਰ ਬਣਾੳਣ ਵਾਲਿਆਂ ਨੂੰ ਛੋਟ, ਆਤਮ ਨਿਰਭਰ ਫੰਡ ਸ਼ੁਰੁਆਤ ਦਾ ਐਲਾਨ, ਮਿਡਲ ਕਲਾਸ ਲਈ ਅਵਾਸ ਯੋਜਨਾ, ਪਸ਼ੂ ਪਾਲਣ ਨੂੰ ਬੜਾਵਾ, ਆਸ਼ਾ ਵਰਕਰਾਂ ਨੂੰ ਆਯੂਸ਼ਮਾਨ ਯੋਜਨਾ ਦਾ ਲਾਭ, 7 ਨਵੇਂ ਰੇਲ ਕਾਰੀਡੋਰ, ਜਨਸੰਖਿਆ ਰੋਕਣ ਲਈ ਨੀਤੀ, 14 ਤੋਂ 18 ਸਾਲ ਦੀਆਂ ਕੁੜੀਆਂ ਲਈ ਟੀਕਾਕਰਨ ਤੋਂ ਇਲਾਵਾ ਪੂਰਾ ਬਜਟ ਲਗਭਗ ਬੀਤੇ ਵਰੇ੍ਹ ਵਾਲਾ ਹੀ ਸੀ। ਇਸ ਸੰਬਧੀ ਫਗਵਾੜਾ ਵਾਸੀਆਂ ਨੇ ਬਜਟ ਸੰਬਧੀ ਆਪਣੇ ਵਿਚਾਰ ਪ੍ਰਗਟ ਕੀਤੇ।
ਬਜਟ ਦੇਸ਼ ਦੀ ਨਿਲਾਮੀ ਵਰਗਾ ਜਾਪ ਰਿਹਾ : ਖਾਲਸਾ
ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਬਜਟ ਦੇਸ਼ ਦੀ ਨਿਲਾਮੀ ਵਰਗਾ ਜਾਪ ਰਿਹਾ ਸੀ, ਜਿਸ ਵਿਚ ਗਰੀਬਾਂ ਤੇ ਮੱਧ ਵਰਗ ਨੂੰ ਘਰਾਂ ਦਾ ਸੁਪਨਾ ਦਿਖਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀ ਸੀ। ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇ ਦੇਸ਼ ਦਾ ਹਰ ਇਕ ਸਰਕਾਰੀ ਅਦਾਰਾ ਪ੍ਰਾਈਵੇਟ ਹੱਥਾਂ ਵਿਚ ਦੇ ਕੇ ਪ੍ਰਧਾਨ ਮੰਤਰੀ ਆਪਣਾ ਝੋਲਾ ਚੁੱਕ ਕੇ ਜਾਣ ਦੀ ਤਿਆਰੀ ਕਰ ਰਹੇ ਹੋਣ। ਇਕ ਪਾਸੇ ਤਾਂ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਕਾਂਗਰਸ ਦੇ 70 ਸਾਲਾ ਦੇ ਰਾਜ ਨੂੰ ਨਿੰਦਿਆ ਜਾ ਰਿਹਾ, ਦੂਜੇ ਪਾਸੇ ਕਾਂਗਰਸ ਸਮੇਂ ਬਣੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਦਿੱਤਾ ਜਾ ਰਿਹਾ ਹੈ। ਜਦੋਂ ਦੀ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਈ ਹੈ, ਉਦੋਂ ਤੋਂ ਹਾਲੇ ਤੱਕ ਸਿਰਫ ਇਕ ਤਿੰਨ ਹਜ਼ਾਰ ਕਰੋੜ ਰੁਪਏ ਦੀ ਮੂਰਤੀ, ਘਰਾਂ ਤੇ ਆਲੇ-ਦੁਆਲੇ ਪਖਾਨੇ, ਖਾਲੀ ਗੈਸ ਸਿਲੰਡਰ ਹੀ ਦਿਖਾਈ ਦੇ ਰਹੇ ਹਨ। ਉਪਰੋਂ ਪੈਟਰੋਲ-ਡੀਜ਼ਲ ਦੇ ਭਾਅ ਘਟਣ ਦੀ ਉਮੀਦ ਵੀ ਪਾਣੀ-ਪਾਣੀ ਹੋ ਗਈ। ਗੈਸ ਸਿਲੰਡਰਾਂ ਦੀ ਸਬਸਿਡੀ ਬੰਦ ਕਰ ਦਿੱਤੀ ਗਈ ਹੈ।
ਕੇਂਦਰ ਸਰਕਾਰ ਤੋਂ ਕੋਈ ਆਸ ਰੱਖਣੀ ਬੇਕਾਰ : ਸੌਰਵ
ਸੀਨੀਅਰ ਕਾਗਰਸੀ ਆਗੂ ਸੌਰਵ ਸ਼ਰਮਾ ਨੇ ਕਿਹਾ ਕਿ ਬਜਟ ਨੇ ਇਕ ਗੱਲ ਸਾਬਿਤ ਕਰ ਦਿੱਤੀ ਕਿ ਕੇਂਦਰ ਸਰਕਾਰ ਤੋਂ ਕੋਈ ਆਸ ਰੱਖਣੀ ਬਿਲਕੁਲ ਬੇਕਾਰ ਹੈ। ਪਹਿਲਾਂ ਹੀ ਆਸਮਾਨ ਛੂ ਰਹੇ ਪੈਟਰੋਲ-ਡੀਜ਼ਲ ਦੇ ਭਾਅ ਘਟਣੇ ਚਾਹੀਦੇ ਸਨ ਪਰ ਅਜਿਹਾ ਨਹੀ ਹੋਇਆ। ਹਰ ਸਮਾਨ ਮਹਿੰਗਾ ਹੋ ਚੁੱਕਾ ਹੈ ਜਿਸ ਕਾਰਣ ਗਰੀਬ ਹੋਰ ਗਰੀਬ ਹੁੰਦਾ ਜਾਵੇਗਾ ਤੇ ਆਖਿਰਕਾਰ ਸਰਕਾਰ ਦੀ ਮਨਸ਼ਾ ਕਾਮਯਾਬ ਹੋਵੇਗੀ ਜਦੋਂ ਸਿਰਫ ਕੁਝ ਕੁ ਕਾਰਪੋਰੇਟ ਘਰਾਣੇ ਹੀ ਦੇਸ਼ ਵਿਚ ਬਚਣਗੇ ਜਿਨ੍ਹਾਂ ਹੱਥ ਹੀ ਦੇਸ਼ ਦੇ ਹਰ ਇਕ ਨਾਗਰਿਕ ਦੀ ਚਾਬੀ ਹੋਵੇਗੀ। ਕੇਂਦਰ ਸਰਕਾਰ ਦੇ ਨੁਮਾਇੰਦੇ ਆਖ ਰਹੇ ਹਨ ਕਿ ਪੂਰੇ ਦੇਸ਼ ਵਿਚ ਸੜਕਾਂ ਦਾ ਜਾਲ ਵਿਛ ਚੁੱਕਾ ਹੈ। ਸੜਕਾਂ ਤਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਮਨਮਹੋਨ ਸਿੰਘ ਦੇ ਸਮੇਂ ਤੋਂ ਬਣਦੀਆਂ ਆ ਰਹੀਆਂ ਹਨ। ਇਨ੍ਹਾ ਨੂੰ ਬਣਾਉਣ ਵਿਚ ਆਮ ਜਨਤਾ ਪੂਰਾ ਟੋਲ ਟੈਕਸ ਅਦਾ ਕਰਦੀ ਹੈ, ਫਿਰ ਸਰਕਾਰ ਦਾ ਇਸ ਵਿਚ ਕੀ ਲੈਣਾ ਦੇਣਾ ਹੈ। ਜੇਕਰ ਵਿਕਾਸ ਕਰਨਾ ਹੈ ਤਾਂ ਸਕੂਲ ਖੋਲ੍ਹੋ, ਹਸਪਤਾਲ ਖੋਲ੍ਹੋ, ਨੌਜਵਾਨਾਂ ਨੂੰ ਨੌਕਰੀ ਦਿਓ, ਸਿਰਫ ਜੁਮਲੇ ਦੇ ਕੇ ਰਾਜ ਨਾ ਕਰੋ।
ਭਾਜਪਾ ਦਾ ਸਾਰਾ ਜ਼ੋਰ ਪਖਾਨੇ ਤੇ ਸਿਲੰਡਰ ਵੰਡਣ ’ਤੇ ਲੱਗਾ : ਬੰਟੀ ਵਾਲੀਆ
ਕਾਂਗਰਸ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਜਦੋਂ ਦੀ ਕੇਂਦਰ ਦੀ ਸੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਵਿਚ ਆਈ ਹੈ 2014 ਤੋਂ ਲੈ ਕੇ 2025 ਤੱਕ ਦੇ ਬਜਟ ਵਿਚ ਕੁਝ ਵੀ ਨਵਾਂ ਤੇ ਆਮ ਲੋਕਾਂ ਦੀ ਸਹੂਲਤ ਵਾਲਾ ਨਹੀਂ ਨਿਕਲਿਆ। ਮੋਦੀ ਸਰਕਾਰ ਦਾ ਪੂਰਾ ਜ਼ੋਰ ਉਜਵਲਾ ਯੋਜਨਾ, ਪਖਾਨਿਆਂ, ਜਨ-ਧਨ ਯੋਜਨਾ ’ਤੇ ਹੀ ਟਿਕਿਆ ਹੋਇਆ ਸੀ ਤੇ ਹਾਲੇ ਤੱਕ ਵੀ ਉਹੀ ਪੁਰਾਣੀ ਕਿਤਾਬ ਉਪਰ ਨਵੀਂ ਪੈਕਿੰਗ ਕੀਤੀ ਹੋਈ ਹੈ। ਤੱਥਾਂ ਤੋਂ ਵਿਹੂਣਾ ਤੇ ਖੋਖਲਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ। ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਮੋਦੀ ਸਰਕਾਰ ਨੇ ਬੀਤੇ ਵਰੇ੍ਹ 9.06 ਕਰੋੜ ਲੋਕਾਂ ਨੂੰ ਮੁਫਤ ਗੈਸ ਸਿਲੰਡਰਾਂ ਦੀ ਵੰਡ ਕੀਤੀ। ਇਸ ਸਾਲ ਕੁਝ ਵੀ ਨਵਾਂ ਐਲਾਨ ਨਹੀ ਕੀਤਾ ਪਰ 2014 ਵਿਚ 435 ਰੁਪਏ ਵਿਚ ਮਿਲਣ ਵਾਲਾ ਗੈਸ ਸਿਲੰਡਰ 2025 ਤਕ 1100 ਰੁਪਏ ਪਾਰ ਕਰ ਚੁੱਕਾ ਹੈ। ਲੋਕਾਂ ਨੂੰ ਗੈਸ ਸਿਲੰਡਰਾਂ ਤੋਂ ਮੁੜ ਲੱਕੜਾਂ ’ਤੇ ਖਾਣਾ ਬਣਾਉਣ ’ਤੇ ਲੈ ਕੇ ਆਉਣ ਵਾਲੀ ਭਾਜਪਾ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕਰੋੜਾਂ ਲੋਕਾਂ ਦੇ ਖਾਤੇ ਖੋਲ੍ਹਣ ਦੀ ਗੱਲ ਕਹੀ ਗਈ ਪਰ ਜਦੋਂ ਬੈਂਕਾਂ ਦਾ ਸਾਰਾ ਪੈਸਾ ਅਡਾਨੀਆਂ-ਅੰਬਾਨੀਆਂ ਦੀਆਂ ਜੇਬਾਂ ਵਿਚ ਚਲਾ ਜਾਵੇਗਾ, ਬੈਂਕ ਦੀਵਾਲੀਆ ਹੋ ਜਾਣਗੇ ਤਾਂ ਜਨ-ਧਨ ਖਾਤਿਆਂ ਵਿਚ ਪਿਆ ਗਰੀਬਾਂ ਦਾ ਹਜ਼ਾਰ-ਦੋ ਹਜ਼ਾਰ ਰੁਪਇਆ ਵੀ ਵਾਪਸ ਨਹੀਂ ਮਿਲਣ ਵਾਲਾ। ਜਦੋਂ ਗਰੀਬ ਲੋਕਾਂ ਨੂੰ ਰੋਟੀ ਨਹੀ ਲੱਭੇਗੀ ਤਾਂ ਪਾਖਾਨੇ ਵਿਚ ਉਹ ਕਰਨਗੇ ਕੀ।
ਗਰੀਬਾਂ ਨੂੰ ਘਰ ਦੀ ਜਗ੍ਹਾ ਮਿਲਿਆ ਛੁਣਛੁਣਾ : ਸ਼ਰਨਜੀਤ
ਸੀਨੀਅਰ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਨੇ ਕਿਹਾ ਕਿ ਖੇਤੀ ਸੈਕਟਰ ਲਈ ਵੱਖਰਾ ਵਾਰਡ ਬਣਾਇਆ ਜਾਵੇਗਾ, ਨਵੀਂ ਤਕਨੀਕ ’ਤੇ ਜ਼ੋਰ ਦਿੱਤਾ ਜਾਵੇਗਾ, ਖੇਤੀ ਕਰਜ਼ਾ ਵੀ ਲੱਖ ਕਰੋੜ ਰੁਪਏ ਹੋਵੇਗਾ, ਪਸ਼ੂ ਪਾਲਣ ਡੇਅਰੀ ਉਦਯੋਗ ਤੇ ਮੱਛੀ ਪਾਲਣ ’ਤੇ ਧਿਆਨ ਦਿੱਤਾ ਜਾਵੇਗਾ ਇਹ ਸਭ ਕੁੱਝ ਭਵਿੱਖ ਵਿਚ ਹੋਵੇਗਾ ਪਰ ਮੌਜੂਦਾ ਬਜਟ ’ਚ ਮੱਧ ਵਰਗ ਨੂੰ ਸਿਰਫ ਘਰਾਂ ਬਣਾਉਣ ਦਾ ਛੁਣਛੁਣਾ ਹੀ ਮਿਲਿਆ। ਸ਼ਰਨਜੀਤ ਸਿੰਘ ਨੇ ਕਿਹਾ ਕਿ ਆਮ ਲੋਕ ਆਸ ਲਗਾਈ ਬੈਠੇ ਸਨ ਕਿ ਪ੍ਰਧਾਨ ਮੰਤਰੀ ਮੋਦੀ ਸਰਕਾਰ ਦਾ ਇਹ ਬਜਟ ਅਹਿਮ ਹੋਵੇਗਾ, ਜਿਸ ਵਿਚ ਮੱਧ ਵਰਗ ਤੇ ਗਰੀਬ ਲੋਕਾਂ ਦੇ ਮੁੱਖ ਮੁੱਦੇ ਮਹਿੰਗਾਈ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਲਗਾਤਾਰ ਵਧ ਰਹੀ ਮਹਿੰਗਾਈ ਤੇ ਰਸੋਈ ਗੈਸ ਸਿਲੰਡਰ ਦੇ ਭਾਅ ਨੂੰ ਘੱਟ ਕਰਨ ਦੀ ਤਰਕੀਬ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਰਮਨ ਵੱਲੋਂ ਬਿਲਕੁਲ ਨਿਰਾਧਾਰ ਤੇ ਖੋਖਲਾ ਬਜਟ ਪੇਸ਼ ਕੀਤਾ ਗਿਆ ਹੈ।
ਸੋਨਾ-ਚਾਂਦੀ ਮਹਿੰਗਾ ਹੋਣ ਨਾਲ ਮੱਧ ਵਰਗ ’ਤੇ ਪਈ ਮਾਰ : ਬਾਵਾ
ਕੇਂਦਰ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 2025-26 ਦੇ ਪੇਸ਼ ਕੀਤੇ ਗਏ ਬਜਟ ਵਿਚ ਸੋਨਾ ਤੇ ਚਾਂਦੀ ਨੂੰ ਜੋਕਿ ਬੀਤੇ ਵਰ੍ਹੇ ਮਹਿੰਗਾ ਕੀਤਾ ਗਿਆ ਸੀ, ਨੂੰ ਕਾਬੂ ਕਰਨ ਲਈ ਕੁਝ ਨਹੀਂ ਕੀਤਾ ਗਿਆ, ਜਿਸ ਨਾਲ ਗਰੀਬ ਤੇ ਮੱਧ ਵਰਗ ’ਤੇ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ। ਸਮਾਜ ਸੇਵਕ ਤਜਿੰਦਰ ਬਾਵਾ ਨੇ ਕਿਹਾ ਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਗਰੀਬ ਤੋਂ ਲੈਕੇ ਐੱਨਆਰਆਈ ਤੱਕ ਸਾਰੇ ਆਪਣੇ ਬੱਚਿਆਂ ਦੇ ਵਿਆਹ, ਸ਼ਾਦੀਆਂ ਕਰ ਰਹੇ ਹਨ। ਅਜਿਹੇ ਸਮੇਂ ਵਿਚ ਸੋਨਾ ਤੇ ਚਾਂਦੀ ਦੇ ਭਾਅ ਕੁਝ ਘਟਨੇ ਚਾਹੀਦੇ ਸਨ। ਜਿਥੇ ਵਪਾਰੀਆਂ ਨੂੰ ਮਹਿੰਗੇ ਭਾਅ ਹੋਣ ਦਾ ਨੁਕਸਾਨ ਹੋਇਆ ਹੈ, ਇਸ ਦੇ ਨਾਲ ਹੀ ਗਰੀਬ ਤੇ ਮੱਧ ਵਰਗ ’ਤੇ ਬਹੁਤ ਜ਼ਿਆਦਾ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਬਜਟ ਵਿਚ ਕੁਝ ਵੀ ਨਵਾਂ ਦੇਖਣ ਨੂੰ ਨਹੀਂ ਮਿਲਿਆ, ਜਿਸ ਦੀ ਕਿ ਸਮੂਹ ਵਪਾਰੀ ਵਰਗ ਨੇ ਉਮੀਦ ਲਗਾਈ ਹੋਈ ਸੀ।
ਸਿਰਫ 5 ਤੋਂ 7 ਲੱਖ ਇਨਕਮ ਟੈਕਸ ਦੇ ਬਦਲਾਅ ਤੋਂ ਇਲਾਵਾ ਹੋਰ ਕੁਝ ਨਹੀਂ : ਅਰੋੜਾ
ਕਾਂਗਰਸ ਮੀਡੀਆ ਕੋਆਰਡੀਨੇਟਰ ਅਮਿਤ ਅਰੋੜਾ ਨੇ ਕਿਹਾ ਕਿ ਬਜਟ ਤੋਂ ਵਪਾਰੀਆਂ ਨੇ ਅਨੇਕਾਂ ਉਮੀਦਾਂ ਲਗਾਈਆਂ ਸਨ ਪਰ ਉਹ ਜਿਉਂ ਦੀਆਂ ਤਿਉਂ ਰਹਿ ਗਈਆਂ। ਫੌਰੀ ਤੌਰ ’ਤੇ ਬਜਟ ਬਿਲਕੁੱਲ ਖੋਖਲਾ ਤੇ ਨਿਰਾਧਾਰ ਸਾਬਤ ਹੋਇਆ, ਜਿਸ ਵਿਚ ਵਪਾਰੀ ਵਰਗ ਲਈ ਰਾਹਤ ਸਬੰਧੀ ਕੋਈ ਵੀ ਖਾਸ ਗੱਲ ਵਿੱਤ ਮੰਤਰੀ ਵੱਲੋਂ ਨਹੀਂ ਕਹੀ ਗਈ। ਇਸ ਬਜਟ ਨੂੰ ਭਵਿੱਖ ਦਾ ਬਜਟ ਦੱਸਿਆ ਜਾ ਰਿਹਾ ਹੈ ਪਰ ਅਸਲ ਵਿਚ ਮੌਜੂਦਾ ਸਮੇਂ ਵਿਚ ਵਪਾਰੀਆਂ ਨੂੰ ਜੋ ਰਾਹਤ ਦੀ ਉਮੀਦ ਸੀ ਉਹ ਨਹੀਂ ਮਿਲੀ, ਜਿਸ ਕਾਰਨ ਵਪਾਰੀ ਵਰਗ ਪੂਰੀ ਤਰ੍ਹਾਂ ਮਾਯੂਸ ਹੈ। ਖੁਰਾਕ ਤੇ ਜਨਤਕ ਵੰਡ ਮੰਤਰਾਲਾ ਵਿਚ ਪਹਿਲਾਂ ਵਾਲੀ ਹੀ ਸਲੈਬ ਰੱਖੀ ਗਈ ਜਿਸ ਨੂੰ ਵਧਾਇਆ ਜਾ ਸਕਦਾ ਸੀ ਤਾਂ ਜੋ ਗਰੀਬ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ। ਖੁਰਾਕ ਤੇ ਜਨਤਕ ਵੰਡ ਮੰਤਰਾਲੇ ਵਿਚ ਲੋਕਾਂ ਦੀ ਰਾਹਤ ਲਈ ਰਸੋਈ ਗੈਸ ਸਿਲੰਡਰ, ਆਟਾ, ਦਾਲ ਤੇ ਹੋਰ ਘਰੇਲੂ ਉਤਪਾਦਾਂ ਦੇ ਭਾਅ ਨੂੰ ਸਬਸਿਡੀ ਦੇ ਕੇ ਘਟਾਇਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਵਿੱਤ ਮੰਤਰੀ ਵੱਲੋਂ ਸਿਰਫ ਭਵਿੱਖੀ ਯੋਜਨਾਵਾਂ ਸਬੰਧੀ ਹੀ ਸਾਰੀ ਗੱਲਬਾਤ ਘੁਮਾ ਕੇ ਦੇਸ਼ ਦੀ ਆਮ ਜਨਤਾ ਨੂੰ ਮੂਰਖ ਬਣਾਇਆ ਗਿਆ।