ਮੌਸਮ ਤੋਂ ਖਰਬੂਜੇ/ਹਦਵਾਣੇ ਦੀ ਫਸਲ ਨੂੰ ਬਚਾਉਣ ਦੀ ਲੋੜ
ਮੌਸਮੀ ਬਦਲਾਅ ਦੇ ਮੱਦੇਨਜਰ ਖਰਬੂਜੇ/ਹਦਵਾਣੇ ਦੀ ਫਸਲ ਨੂੰ ਬਚਾਉਣ ਦੀ ਲੋੜ
Publish Date: Tue, 07 Apr 2026 07:49 PM (IST)
Updated Date: Tue, 07 Apr 2026 07:53 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਡਾ. ਦਲਜੀਤ ਸਿੰਘ ਗਿੱਲ ਅਨੁਸਾਰ ਜ਼ਿਲ੍ਹਾ ਕਪੂਰਥਲਾ ਵਿਚ ਕਾਫੀ ਰਕਬੇ ਵਿਚ ਰੇਤਲੀ ਮੈਰਾ ਮਿੱਟੀ ਹੋਣ ਕਾਰਨ ਕਿਸਾਨ ਵੇਲਾਂ ਵਾਲੀਆਂ ਸਬਜ਼ੀਆਂ ਕਾਫੀ ਬੀਜਦੇ ਹਨ। ਖਰਬੂਜੇ/ਹਦਵਾਣੇ ਦੀ ਖੇਤੀ ਵੀ ਜ਼ਿਲ੍ਹੇ ਦੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਹਨ। ਆਲੂ ਦੀ ਫਸਲ ਤੋਂ ਬਾਅਦ ਫਸਲੀ ਚੱਕਰ ਵਿਚ ਕੱਦੂ ਜਾਤੀ ਦੀਆਂ ਫਸਲਾਂ ਲਈ ਬਹੁਤ ਵਧੀਆ ਹੈ। ਖਰਬੂਜੇ/ਹਦਵਾਣੇ ਦੀ ਪੈਦਾਵਾਰ ਵਿਚ ਰੂਪੇਵਾਲ ਦੀ ਮੰਡੀ ਪੂਰੇ ਏਸ਼ੀਆ ਵਿਚ ਮਸ਼ਹੂਰ ਹੈ। ਇਸ ਇਲਾਕੇ ਦੇ ਕਿਸਾਨਾਂ ਨੇ ਬੜੀ ਮਿਹਨਤ ਨਾਲ ਇਸ ਫਸਲ ਰਾਹੀਂ ਕਪੂਰਥਲਾ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ ਪਰ ਇਸ ਸਾਲ ਮੌਸਮ ਦੀਆਂ ਅਣਕਿਆਸੀਆਂ ਤਬਦੀਲੀਆਂ ਕਾਰਨ ਇਸ ਫਸਲ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਇਸ ਸਮੇਂ ਚੱਲ ਰਹੇ ਮੌਸਮ ਦੇ ਮੱਦੇਨਜ਼ਰ ਖਰਬੂਜੇ/ ਹਦਵਾਣੇ ਦੀ ਫਸਲ ਜੋ ਕਿ ਅਜੇ ਬਹੁਤ ਵਧੀਆ ਚੱਲ ਰਹੀ ਹੈ ਪਰ ਉਸ ਨੂੰ ਪੀਲੇ ਧੱਬਿਆਂ ਦੇ ਰੋਗ/ਬਲਾਈਟ ਆਦਿ ਤੋਂ ਬਚਾਉਣ ਲਈ ਉਲੀਨਾਸ਼ਕ ਸਪਰੇਅ ਕਰਨ ਦੀ ਜ਼ਰੂਰਤ ਹੈ। ਇਸ ਲਈ ਕਿਸਾਨ 300-600 ਗ੍ਰਾਮ ਇੰਡੋਫਿਲ ਐੱਮ-45 ਜਾਂ ਕਵਚ 100/200 ਲਿਟਰ ਪਾਣੀ ਵਿਚ ਘੋਲ ਕੇ ਹਫਤੇ ਦੇ ਵਕਫੇ ’ਤੇ 6 ਛਿੜਕਾਅ ਕਰ ਸਕਦੇ ਹਨ। ਪਹਿਲਾ ਛਿੜਕਾਅ ਜਦੋਂ ਬਿਮਾਰੀ ਅਜੇ ਸ਼ੁਰੂ ਨਾ ਹੋਈ ਹੋਵੇ ਕੀਤਾ ਜਾਵੇ। ਮੀਂਹ ਤੋ ਬਾਅਦ ਦੁਬਾਰਾ ਛਿੜਕਾਅ ਕਰਨ ਦੀ ਲੋੜ ਹੈ। ਜਦੋਂ ਬਿਮਾਰੀ ਦਾ ਵਾਧਾ ਜ਼ਿਆਦਾ ਹੋਵੇ ਤਾਂ ਦੋ ਛਿੜਕਾਅ ਰਿਡੋਮਿਲ ਐੱਮ-ਜ਼ੈੱਡ 500 ਗ੍ਰਾਮ ਜਾਂ ਐਲੀਏਟ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਵਕਫੇ ’ਤੇ ਕਰ ਦਿਓ। ਇਹ ਛਿੜਕਾਅ ਤੀਜਾ ਤੇ ਚੌਥਾ ਹੋਣਾ ਚਾਹੀਦਾ ਹੈ। ਰਿਡੋਮਿਲ ਦਾ ਛਿੜਕਾਅ ਸ਼ੁਰੂ ਵਿਚ ਜਾਂ ਅਖੀਰ ਵਿਚ ਨਹੀ ਕਰਨ ਚਾਹੀਦਾ। ਕਿਸਾਨ ਵੀਰਾਂ ਨੂੰ ਇਹ ਵੀ ਸਲਾਹ ਹੈ ਕਿ ਫਸਲ ਨੂੰ ਬਹੁਤਾ ਭਰ ਕੇ ਪਾਣੀ ਨਾ ਲਗਾਉਣ।