ਚੰਗੇ ਸੰਗੀਤ ਨਾਲ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਲੋੜ : ਸੀਟੂ ਬਾਈ
ਚੰਗੇ ਸੰਗੀਤ ਨਾਲ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਲੋੜ,ਸੀਟੂ ਬਾਈ
Publish Date: Sun, 22 Feb 2026 07:34 PM (IST)
Updated Date: Sun, 22 Feb 2026 07:36 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੰਗੀਤ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੈ। ਚੰਗਾ ਸੰਗੀਤ ਸੁਣਨ ਨਾਲ ਮਨ ਨੂੰ ਸੁਕੂਨ ਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ। ਜਦੋਂ ਅਸੀਂ ਤਣਾਅ ਜਾਂ ਚਿੰਤਾ ਵਿਚ ਹੁੰਦੇ ਹਾਂ, ਤਾਂ ਮਿੱਠੇ ਤੇ ਅਰਥਪੂਰਨ ਗੀਤ ਸਾਡੇ ਮਨ ਨੂੰ ਹਲਕਾ ਕਰ ਦਿੰਦੇ ਹਨ। ਸੰਗੀਤ ਸਿਰਫ਼ ਮਨੋਰੰਜਨ ਨਹੀਂ, ਸਗੋਂ ਆਤਮਿਕ ਤਾਕਤ ਦਾ ਸਰੋਤ ਵੀ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਭਾਗ ਫਿਲਮ ਐਂਡ ਪੋ੍ਰਡਕਸ਼ਨ ਦੇ ਮਾਲਕ ਸੀਟੂ ਬਾਈ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਗੀਤਕਾਰਾਂ ਤੇ ਲੇਖਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੇ ਲਿਖੇ ਸ਼ਬਦ ਲੱਖਾਂ ਲੋਕਾਂ ਦੇ ਦਿਲਾਂ ਤੱਕ ਪਹੁੰਚਦੇ ਹਨ। ਜੇਕਰ ਗੀਤਾਂ ਵਿਚ ਚੰਗੇ ਸੰਦੇਸ਼, ਨੈਤਿਕ ਮੁੱਲ ਤੇ ਸਮਾਜਿਕ ਮੁੱਦਿਆਂ ਦੀ ਗੱਲ ਹੋਵੇ, ਤਾਂ ਉਹ ਸਮਾਜ ‘ਤੇ ਹਾਂਪੱਖੀ ਅਸਰ ਛੱਡ ਸਕਦੇ ਹਨ। ਨਸ਼ਾ ਮੁਕਤੀ, ਧੀ ਬਚਾਓ, ਸਿੱਖਿਆ ਦੀ ਮਹੱਤਤਾ, ਪਰਿਆਵਰਣ ਸੁਰੱਖਿਆ ਤੇ ਦੇਸ਼-ਪ੍ਰੇਮ ਵਰਗੇ ਵਿਸ਼ਿਆਂ ‘ਤੇ ਗੀਤ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਨ। ਕਈ ਵਾਰ ਅਸੀਂ ਵੇਖਦੇ ਹਾਂ ਕਿ ਕੁਝ ਗੀਤ ਹਿੰਸਾ, ਅਸ਼ਲੀਲਤਾ ਜਾਂ ਗਲਤ ਰਵੱਈਏ ਨੂੰ ਪ੍ਰੋਤਸਾਹਿਤ ਕਰਦੇ ਹਨ, ਜਿਸ ਦਾ ਨਾਂਹਪੱਖੀ ਪ੍ਰਭਾਵ ਨੌਜਵਾਨਾਂ ‘ਤੇ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਗੀਤਕਾਰ ਤੇ ਗਾਇਕ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਣ। ਉਨ੍ਹਾਂ ਨੂੰ ਅਜਿਹੇ ਗੀਤ ਲਿਖਣੇ ਤੇ ਗਾਉਣੇ ਚਾਹੀਦੇ ਹਨ ਜੋ ਨੌਜਵਾਨੀ ਨੂੰ ਸਹੀ ਰਾਹ ‘ਤੇ ਲੈ ਜਾਣ ਤੇ ਉਨ੍ਹਾਂ ਵਿਚ ਉੱਚੇ ਵਿਚਾਰ ਪੈਦਾ ਕਰਨ। ਸੰਗੀਤ ਇਕ ਤਾਕਤ ਹੈ ਜੋ ਦਿਲਾਂ ਨੂੰ ਜੋੜ ਸਕਦੀ ਹੈ ਤੇ ਸਮਾਜ ਨੂੰ ਬਦਲ ਸਕਦੀ ਹੈ। ਆਓ, ਅਸੀਂ ਸਭ ਮਿਲ ਕੇ ਚੰਗੇ ਤੇ ਅਰਥਪੂਰਨ ਸੰਗੀਤ ਨੂੰ ਪ੍ਰੋਤਸਾਹਿਤ ਕਰੀਏ, ਤਾਂ ਜੋ ਮਨ ਨੂੰ ਸੁਕੂਨ ਮਿਲੇ ਤੇ ਸਮਾਜ ਵਿਚ ਚੰਗਾ ਸੰਦੇਸ਼ ਫੈਲ ਸਕੇ।