- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਨੀਆ ਵਿੱਚ ਅਮਨ-ਸ਼ਾਂਤੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਚੱਲਣ ਦੀ ਲੋੜ: ਸੰਤ ਸੀਚੇਵਾਲ

ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਨਾਪੁਰ ਲੋਧੀ : ਵਿਸ਼ਵ ਵਿਚ ਅਮਨ-ਸ਼ਾਂਤੀ ਸਿਰਫ ਗੁਰੂ ਨਾਨਕ ਦੇਵ ਜੀ ਦੇ ਫਸਲਫੇ ਤੇ ਸਰਬੱਤ ਦੇ ਭਲੇ ਦੇ ਸਿਧਾਂਤ |ਤੇ ਅਮਲ ਕਰਨ ਨਾਲ ਹੀ ਸੰਭਵ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਿਲੀਪੀਂਸ ਦੇ ਦੌਰੇ ‘ਤੇ ਗਏ ਰਾਜ ਸਭਾ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਥੇ ਹੋਏ ਦੋ ਵੱਖ-ਵੱਖ ਧਾਰਮਿਕ ਸਮਾਗਮਾਂ ਦੌਰਾਨ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਅਮਰੀਕਾ-ਇਜ਼ਰਾਇਲ ਤੇ ਈਰਾਨ ਵਿਚਾਲੇ ਵਧ ਰਹੇ ਟਕਰਾਅ ‘ਤੇ ਜਿਥੇ ਡੂੰਘੀ ਚਿੰਤਾ ਪ੍ਰਗਟਾਈ, ਉਥੇ ਅਮਰੀਕਾ-ਇਜ਼ਰਾਇਲ ਵੱਲੋਂ ਕੀਤੇ ਗਏ ਸਾਂਝੇ ਹਮਲਿਆਂ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜੰਗਾਂ ਦੇ ਵੀ ਕੁਝ ਨਿਯਮ ਤੇ ਮਰਿਆਦਾਵਾਂ ਹੁੰਦੀਆਂ ਹਨ, ਪਰ ਨਿਰਦੋਸ਼ਾਂ, ਸਕੂਲੀ ਵਿਦਿਆਰਥਣਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਤ ਮਨੁੱਖਤਾ ਲਈ ਬਹੁਤ ਹੀ ਪੀੜਾਦਾਇਕ ਤੇ ਚਿੰਤਾਜਨਕ ਹੈ। ਏਕ ਓਂਕਾਰ ਇੰਡੀਅਨ ਨਿਰਮਲ ਸਿੱਖ ਟੈਂਪਲ ਪਨਕੀ ਤੇ ਦਸ਼ਮੇਸ਼ ਗੁਰਸਿੱਖ ਟੈਂਪਲ ਮਾਰੀਓ ਬੁਲਾਕਾਨ ਵਿਚ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸਿੱਖ ਕੌਮ ਦੁਨੀਆਂ ਦੀ ਇਕੱਲੀ ਐਸੀ ਕੌਮ ਹੈ, ਜੋ ਹਰ ਰੋਜ਼ ਸਵੇਰ-ਸ਼ਾਮ ਦੀ ਅਰਦਾਸ ਵਿਚ ਪੂਰੀ ਮਨੁੱਖਤਾ ਲਈ “ਸਰਬੱਤ ਦਾ ਭਲਾ” ਮੰਗਦੀ ਹੈ। ਫਿਲੀਪੀਂਸ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਵਿਦੇਸ਼ਾਂ ਵਿਚ ਰਹਿੰਦੇ ਹੋਏ ਵੀ ਆਪਣੀ ਮਾਂ-ਬੋਲੀ, ਸੱਭਿਆਚਾਰ ਤੇ ਮਿੱਟੀ ਨਾਲ ਡੂੰਘਾ ਨਾਤਾ ਬਣਾਈ ਰੱਖਦੇ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਰਵਾਇਤਾਂ ਨਾਲ ਜੋੜ ਕੇ ਰੱਖਿਆ ਹੋਇਆ ਹੈ, ਜੋ ਕਾਬਿਲ-ਏ-ਤਾਰੀਫ ਹੈ। ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ-ਆਪਣੇ ਪਿੰਡ ਗੋਦ ਲੈ ਕੇ ਉਨ੍ਹਾਂ ਦੇ ਸਰਵੱਪਖੀ ਵਿਕਾਸ ਵਿਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਹਰਿਆ-ਭਰਿਆ ਬਣਾਉਣ, ਗੰਦੇ ਪਾਣੀ ਦੀ ਮੁੜ ਵਰਤੋਂ ਲਈ “ਸੀਚੇਵਾਲ ਮਾਡਲ” ਤਹਿਤ ਮੁਫ਼ਤ ਤਕਨੀਕੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੂਟੇ ਲਗਾਉਣ ਲਈ ਸੀਚੇਵਾਲ ਦੀਆਂ ਨਰਸਰੀਆਂ ਵਿਚੋਂ ਮੁਫ਼ਤ ਪੌਦੇ ਪ੍ਰਾਪਤ ਕੀਤੇ ਜਾ ਸਕਦੇ ਹਨ। ਸਮਾਗਮ ਦੇ ਅੰਤ ‘ਚ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ ਕੀਤਾ ਗਿਆ। “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਵਿਚ ਪਰਵਾਸੀ ਪੰਜਾਬੀਆਂ ਨੇ ਆਪਣੇ-ਆਪਣੇ ਪਿੰਡ ਗੋਦ ਲੈਣ ਤੇ ਉਨ੍ਹਾਂ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਵੀ ਪ੍ਰਗਟਾਇਆ।
ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਖਾੜੀ ਦੇਸ਼ਾਂ ’ਚ ਫਸੇ ਭਾਰਤੀਆਂ ਦੀ ਤੁਰੰਤ ਵਾਪਸੀ ਦੀ ਕੀਤੀ ਅਪੀਲ
ਸੰਤ ਸੀਚੇਵਾਲ ਨੇ ਕਿਹਾ ਕਿ ਖਾੜੀ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਰੋਜ਼ਗਾਰ ਲਈ ਗਏ ਹੋਏ ਹਨ ਤੇ ਮੌਜੂਦਾ ਹਾਲਾਤਾਂ ਵਿਚ ਕਈ ਦੇਸ਼ ਸਿੱਧੇ ਤੌਰ ‘ਤੇ ਸੰਘਰਸ਼ ਦੇ ਨਿਸ਼ਾਨੇ ‘ਤੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਜੰਗ-ਪ੍ਰਭਾਵਿਤ ਖੇਤਰਾਂ ਵਿਚ ਰਹਿੰਦੇ ਭਾਰਤੀਆਂ ਨੂੰ ਤੁਰੰਤ ਤੇ ਸੁਰੱਖਿਅਤ ਤੌਰ ‘ਤੇ ਵਾਪਸ ਲਿਆਂਦਾ ਜਾਵੇ, ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਦੂਰ ਹੋ ਸਕੇ।