ਵਾਤਾਵਰਣ ਦੀ ਸੰਭਾਲ ਲਈ ਸਾਂਝੇ ਯਤਨਾਂ ਦੀ ਲੋੜ : ਪੱਡਾ
ਵਾਤਾਵਰਣ ਦੀ ਸੰਭਾਲ ਲਈ ਸਾਂਝੇ ਯਤਨਾਂ ਦੀ ਲੋੜ-ਪੱਡਾ
Publish Date: Tue, 31 Mar 2026 07:20 PM (IST)
Updated Date: Tue, 31 Mar 2026 07:22 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਸ਼ਵ ਪੱਧਰ ’ਤੇ ਵੱਧ ਰਹੀ ਗਰਮੀ ਤੇ ਕੁਦਰਤੀ ਸਰੋਤਾਂ ਦੇ ਹੋ ਰਹੇ ਘਾਣ ਨੂੰ ਮੁੱਖ ਰੱਖਦਿਆਂ ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਸੂਬਾ ਪ੍ਰਧਾਨ ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਅੱਜ ਕਪੂਰਥਲਾ ਵਿਖੇ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਵੀ ਜਾਗਰੂਕ ਨਾ ਹੋਏ, ਤਾਂ ਆਉਣ ਵਾਲੀਆਂ ਨਸਲਾਂ ਲਈ ਧਰਤੀ ’ਤੇ ਜੀਵਨ ਨਿਰਵਾਹ ਕਰਨਾ ਅਸੰਭਵ ਹੋ ਜਾਵੇਗਾ। ਪੱਡਾ ਨੇ ਆਪਣੇ ਬਿਆਨ ’ਚ ਕਿਹਾ ਕਿ ਮਨੁੱਖ ਨੇ ਆਪਣੀਆਂ ਨਿੱਜੀ ਲੋੜਾਂ ਤੇ ਅਖੌਤੀ ਵਿਕਾਸ ਦੀ ਦੌੜ ਵਿਚ ਕੁਦਰਤ ਨਾਲ ਬੇਹੱਦ ਖਿਲਵਾੜ ਕੀਤਾ ਹੈ। ਅੰਨ੍ਹੇਵਾਹ ਰੁੱਖਾਂ ਦੀ ਕਟਾਈ ਤੇ ਵਧ ਰਹੇ ਪ੍ਰਦੂਸ਼ਣ ਨੇ ਵਾਤਾਵਰਣ ਦਾ ਸੰਤੁਲਨ ਵਿਗਾੜ ਦਿੱਤਾ ਹੈ। ਪੰਜਾਬ ਜੋ ਕਦੇ ਹਰਿਆਵਲ ਤੇ ਸਾਫ ਪਾਣੀ ਲਈ ਜਾਣਿਆ ਜਾਂਦਾ ਸੀ, ਅੱਜ ਪਾਣੀ ਦੇ ਡਿੱਗ ਰਹੇ ਪੱਧਰ ਤੇ ਪ੍ਰਦੂਸ਼ਿਤ ਹਵਾ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਵਰਗੇ ਖੇਤਰਾਂ ਵਿਚ ਹਰਿਆਵਲ ਦੀ ਘਾਟ ਕਾਰਨ ਬੀਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ’ਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਤੇ ਉਦਯੋਗਿਕ ਇਕਾਈਆਂ ਦਾ ਰਹਿੰਦ-ਖੂੰਹਦ ਵਾਤਾਵਰਣ ਲਈ ਸਭ ਤੋਂ ਵੱਡਾ ਖਤਰਾ ਬਣ ਚੁੱਕਾ ਹੈ। ਪੱਡਾ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਤੇ ਪਲਾਸਟਿਕ ਦੇ ਲਿਫਾਫ਼ਿਆਂ ਦਾ ਤਿਆਗ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਮੁੜ ਆਪਣੇ ਵਿਰਸੇ ਨਾਲ ਜੁੜਨਾ ਪਵੇਗਾ ਜਿਥੇ ਰੁੱਖਾਂ ਨੂੰ ਪੁੱਤਾਂ ਵਾਂਗ ਪਾਲਿਆ ਜਾਂਦਾ ਸੀ। ਪੱਡਾ ਨੇ ਕਿਹਾ ਕਿ ਸਿਰਫ਼ ਸਰਕਾਰਾਂ ਦੇ ਭਰੋਸੇ ਰਹਿ ਕੇ ਵਾਤਾਵਰਣ ਨੂੰ ਨਹੀਂ ਬਚਾਇਆ ਜਾ ਸਕਦਾ। ਇਸ ਲਈ ਜਨ-ਅੰਦੋਲਨ ਦੀ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਇਨਸਾਨ ਨੂੰ ਆਪਣੇ ਜੀਵਨ ਦੇ ਖਾਸ ਮੌਕਿਆਂ ਜਿਵੇਂ ਕਿ ਜਨਮਦਿਨ ਜਾਂ ਵਿਆਹ ਦੀ ਵਰ੍ਹੇਗੰਢ ਤੇ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਬੂਟਾ ਲਗਾਉਣਾ ਹੀ ਕਾਫੀ ਨਹੀਂ ਹੈ, ਸਗੋਂ ਉਸ ਦੀ ਪਾਲਣਾ ਇਕ ਬੱਚੇ ਵਾਂਗ ਕਰਨੀ ਚਾਹੀਦੀ ਹੈ ਜਦੋਂ ਤੱਕ ਉਹ ਇਕ ਮਜ਼ਬੂਤ ਦਰੱਖਤ ਨਹੀਂ ਬਣ ਜਾਂਦਾ।