ਬੇਬੇ ਨਾਨਕੀ ਕਾਲਜ ’ਚ ਰਾਸ਼ਟਰੀ ਵੋਟਰ ਦਿਵਸ ਮਨਾਇਆ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ’ਚ ਰਾਸ਼ਟਰੀ ਵੋਟਰ ਦਿਵਸ ਮਨਾਇਆ
Publish Date: Fri, 30 Jan 2026 09:36 PM (IST)
Updated Date: Fri, 30 Jan 2026 09:37 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਵੋਟਰ ਦਿਵਸ ਪੂਰੇ ਉਤਸ਼ਾਹ ਤੇ ਜਾਗਰੂਕਤਾ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਤੇ ਸਟਾਫ ਨੂੰ ਲੋਕਤੰਤਰ ਵਿਚ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਵੱਲੋਂ ਰਾਸ਼ਟਰੀ ਵੋਟਰ ਦਿਵਸ ਸਬੰਧੀ ਸਹੁੰ ਵੀ ਚੁੱਕੀ ਗਈ, ਜਿਸ ਵਿਚ ਸਭ ਨੇ ਇਹ ਪ੍ਰਣ ਲਿਆ ਕਿ ਉਹ ਲੋਕਤੰਤਰਿਕ ਮੁੱਲਾਂ ਦੀ ਪਾਲਣਾ ਕਰਦੇ ਹੋਏ ਨਿਰਪੱਖ ਤੇ ਜ਼ਿੰਮੇਵਾਰ ਢੰਗ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਮੌਕੇ ਐੱਨਐੱਸਐੱਸ ਕੋਆਰਡੀਨੇਟਰ ਡਾ. ਪਰਮਜੀਤ ਕੌਰ (ਮੁਖੀ, ਸਾਇੰਸ ਵਿਭਾਗ) ਨੇ ਆਪਣੇ ਬਿਆਨ ਵਿਚ ਕਿਹਾ ਕਿ ਵੋਟ ਦਾ ਅਧਿਕਾਰ ਲੋਕਤੰਤਰ ਦੀ ਮੂਲ ਨੀਂਹ ਹੈ ਤੇ ਹਰ ਯੁਵਾ ਨੂੰ ਆਪਣੇ ਇਸ ਅਧਿਕਾਰ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਹੁੰ ਸਿਰਫ਼ ਸ਼ਬਦ ਨਹੀਂ, ਸਗੋਂ ਜ਼ਿੰਮੇਵਾਰ ਨਾਗਰਿਕ ਬਣਨ ਦਾ ਵਚਨ ਹੁੰਦੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਯੁਵਾ ਵਰਗ ਦੇਸ਼ ਦੇ ਭਵਿੱਖ ਦੇ ਨਿਰਮਾਤਾ ਹਨ ਤੇ ਜਾਗਰੂਕ ਵੋਟਿੰਗ ਰਾਹੀਂ ਹੀ ਮਜ਼ਬੂਤ ਲੋਕਤੰਤਰ ਦੀ ਸਥਾਪਨਾ ਸੰਭਵ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਮਹੱਤਤਾ ਨੂੰ ਸਮਝਦੇ ਹੋਏ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਰਹੇ।