ਵਿਰਾਸਤੀ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਨਾਲ ਲੱਗਦੈ ਜਾਮ
ਸੰਵਾਦ ਸੂਤਰ, ਜਾਗਰਣਕਪੂਰਥਲਾ :
Publish Date: Mon, 05 Jan 2026 10:54 PM (IST)
Updated Date: Mon, 05 Jan 2026 10:56 PM (IST)

ਸੰਵਾਦ ਸੂਤਰ, ਜਾਗਰਣ ਕਪੂਰਥਲਾ : ਕਪੂਰਥਲਾ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਖੇਤਰ ਸਦਰ ਬਾਜ਼ਾਰ, ਸਤਨਾਰਾਇਣ ਬਾਜ਼ਾਰ, ਰੈੱਡ ਕਰਾਸ ਮਾਰਕੀਟ ਤੇ ਬੱਸ ਸਟੈਂਡ ਸੜਕ ਅੱਜ ਕੱਲ ਨਾਜਾਇਜ਼ ਕਬਜ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਇਨ੍ਹਾਂ ਬਾਜ਼ਾਰਾਂ ’ਚ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੱਗੇ ਫੜੀ ਤੇ ਰੇਹੜੀਆਂ ਲਗਾ ਕੇ ਸੜਕਾਂ ਨੂੰ ਲਗਾਤਾਰ ਤੰਗ ਕਰਦੇ ਜਾ ਰਹੇ ਹਨ, ਜਿਸ ਨਾਲ ਨਾ ਸਿਰਫ ਆਵਾਜਾਈ ਦੀ ਸਮੱਸਿਆ ਹੈ ਸਗੋਂ ਆਮ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਇਨ੍ਹਾਂ ਇਲਾਕਿਆਂ ’ਚ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਭਾਰੀ ਭੀੜ ਰਹਿੰਦੀ ਹੈ। ਦੁਕਾਨਾਂ ਦੇ ਅੱਗੇ ਲੱਗੀਆਂ ਫੜੀਆਂ ਤੇ ਰੇਹੜੀਆਂ ਕਾਰਨ ਸੜਕ ਦਾ ਵੱਡਾ ਹਿੱਸਾ ਬੰਦ ਹੋ ਜਾਂਦਾ, ਜਿਸ ਨਾਲ ਵਾਹਨ ਚਾਲਕਾਂ ਨੂੰ ਮੁਸ਼ਕਿਲ ਹੁੰਦੀ ਹੈ। ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਦੋਪਹਿਆ ਤੇ ਚਾਰਪਹਿਆ ਵਾਹਨ ਆਹਮੋ-ਸਾਹਮਣੇ ਫਸ ਜਾਂਦੇ ਹਨ, ਜਿਸ ਨਾਲ ਲੰਬਾ ਜਾਮ ਲੱਗ ਜਾਂਦਾ ਹੈ। ਇਸ ਜਾਮ ਦਾ ਸਭ ਤੋਂ ਵੱਧ ਅਸਰ ਬਜ਼ੁਰਗਾਂ, ਔਰਤਾਂ ਤੇ ਛੋਟੇ ਬੱਚਿਆਂ ਨੂੰ ਭੁਗਤਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਾਜ਼ਾਰਾਂ ਤੋਂ ਲੰਘਣਾ ਕਿਸੇ ਖਤਰੇ ਤੋਂ ਘੱਟ ਨਹੀਂ ਹੈ। ਬਜ਼ੁਰਗਾਂ ਨੂੰ ਸਹਾਰੇ ਨਾਲ ਚੱਲਣਾ ਪੈਂਦਾ ਹੈ ਜਦਕਿ ਬੱਚਿਆਂ ਲਈ ਸੜਕ ਪਾਰ ਕਰਨਾ ਬੇਹੱਦ ਖਤਰਨਾਕ ਹੋ ਗਿਆ ਹੈ। ਉੱਧਰ ਸਕੂਲੀ ਬੱਚਿਆਂ ਤੇ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਮਾਮੂਲੀ ਟੱਕਰ ਤੇ ਝਗੜੇ ਦੀ ਹਾਲਤ ਬਣ ਜਾਂਦੀ ਹੈ। ਰੈੱਡ ਕਰਾਸ ਮਾਰਕੀਟ ਤੇ ਬੱਸ ਸਟੈਂਡ ਵਰਗੇ ਰਸਤਿਆਂ ’ਤੇ ਹਾਲਾਤ ਹੋਰ ਵੀ ਚਿੰਤਾਜਨਕ ਹਨ। ਬੱਸ ਸਟੈਂਡ ਦੇ ਆਲੇ-ਦੁਆਲੇ ਲਗਾਤਾਰ ਰਹਿਣ ਵਾਲੀ ਭੀੜ ਤੇ ਨਾਜਾਇਜ਼ ਕਬਜ਼ਿਆਂ ਕਾਰਨ ਯਾਤਰੀਆਂ ਨੂੰ ਆਪਣੇ ਸਾਮਾਨ ਨਾਲ ਲੰਘਣ ਲੰਘਿਆਂ ਭਾਰੀ ਮੁਸ਼ਕਿਲ ਹੁੰਦੀ ਹੈ। ਐਮਰਜੈਂਸੀ ’ਚ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵਰਗੀਆਂ ਸੇਵਾਵਾਂ ਲਈ ਰਸਤਾ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਸ਼ਹਿਰਵਾਸੀਆਂ ਦਾ ਦੋਸ਼ ਹੈ ਕਿ ਨਗਰ ਨਿਗਮ ਤੇ ਪ੍ਰਸ਼ਾਸਨ ਵੱਲੋਂ ਕਦੇ-ਕਦਾਈਂ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰ ਉਹ ਸਿਰਫ ਰਸਮੀ ਹੁੰਦੀ ਹੈ। ਕੁਝ ਦਿਨਾਂ ਬਾਅਦ ਫਿਰ ਉਹੀ ਸਥਿਤੀ ਬਣ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਨਿਯਮਤ ਤੌਰ ’ਤੇ ਸਖਤ ਮੁਹਿੰਮ ਚਲਾਈ ਜਾਵੇ ਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਇਸ ਸਮੱਸਿਆ ਤੋਂ ਕਾਫੀ ਹੱਦ ਤੱਕ ਨਿਜਾਤ ਮਿਲ ਸਕਦੀ ਹੈ•। ਸਥਾਨਕ ਨਾਗਰਿਕਾਂ ਤੇ ਵਪਾਰੀਆਂ ਦੇ ਇਕ ਵਰਗ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੜੀ ਤੇ ਰੇਹੜੀ ਵਾਲਿਆਂ ਲਈ ਬਦਲਵੀਂ ਤੈਅ ਜਗ੍ਹਾ ਬਣਾਈ ਜਾਵੇ ਤਾਂ ਉਨ੍ਹਾਂ ਦਾ ਰੋਜ਼ਗਾਰ ਵੀ ਪ੍ਰਭਾਵਿਤ ਨਾ ਹੋਵੇ ਤੇ ਬਾਜ਼ਾਰਾਂ ਦੀਆਂ ਸੜਕਾਂ ’ਤੇ ਨਾਜਾਇਜ਼ ਕਬਜ਼ੇ ਵੀ ਖਤਮ ਹੋ ਜਾਣ। ਨਾਲ ਹੀ ਮੁੱਖ ਬਾਜ਼ਾਰਾਂ ’ਚ ਪੱਕੀ ਵਿਵਸਥਾ ਕਰਕੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਰਸਤਾ ਬਣਾਇਆ ਜਾਵੇ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਨੂੰ ਕਦੋਂ ਤੱਕ ਗੰਭੀਰਤਾ ਨਾਲ ਲੈਂਦਾ ਹੈ। ਇਸ ਸਬੰਧ ’ਚ ਟਰੈਫਿਕ ਇੰਜਾਰਜ ਉਪਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ’ਚ ਵਧਦੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਹੈ ਤੇ ਛੇਤੀ ਹੀ ਇਸ ਦੇ ਹੱਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।