ਨਾਬਾਲਗਾ ਨੂੰ ਭਜਾਉਣ ਵਾਲੇ ਖ਼ਿਲਾਫ ਮਾਮਲਾ ਦਰਜ
ਨਡਾਲਾ ਪੁਲਿਸ ਵੱਲੋਂ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ ਮਾਮਲਾ ਦਰਜ
Publish Date: Tue, 27 Jan 2026 07:29 PM (IST)
Updated Date: Tue, 27 Jan 2026 07:31 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਨਡਾਲਾ ਪੁਲਿਸ ਨੇ ਇਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਨਡਾਲਾ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਘਰੇਲੂ ਕੰਮ-ਕਾਰ ਕਰਦੀ ਹੈ ਤੇ ਉਸ ਦੇ ਦੋ ਬੱਚੇ ਹਨ। ਸ਼ਿਕਾਇਤ ਅਨੁਸਾਰ ਉਸ ਦੀ ਵੱਡੀ ਲੜਕੀ, ਜੋ ਕਿ ਨਾਬਾਲਿਗ ਹੈ ਤੇ ਸਰਕਾਰੀ ਸਕੂਲ ਨਡਾਲਾ ਵਿਚ ਪੜ੍ਹਦੀ ਹੈ, ਬੀਤੀ 26 ਜਨਵਰੀ ਸਵੇਰੇ ਕਰੀਬ 7:45 ਵਜੇ ਸਕੂਲ ’ਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਘਰੋਂ ਨਿਕਲੀ ਸੀ। ਪਰ ਬਾਅਦ ਵਿਚ ਜਾਣਕਾਰੀ ਮਿਲੀ ਕਿ ਉਸ ਦੀ ਲੜਕੀ ਉਸ ਦਿਨ ਸਕੂਲ ਨਹੀਂ ਪਹੁੰਚੀ। ਇਸ ਤੋਂ ਬਾਅਦ ਪੀੜਤ ਮਹਿਲਾ ਤੇ ਉਸ ਦੇ ਪਰਿਵਾਰ ਵੱਲੋਂ ਲੜਕੀ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਸ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਬਾਅਦ ਵਿਚ ਪਤਾ ਲੱਗਾ ਕਿ ਹਰਸ਼ਦੀਪ ਜੋਸ਼ੀ ਪੁੱਤਰ ਰਾਮ ਬਰਨ ਜੋਸ਼ੀ, ਵਾਸੀ ਪੰਡਤਾ ਦਾ ਮੁਹੱਲਾ ਨਡਾਲਾ, ਵੱਲੋਂ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਤੇ ਭਜਾ ਲੈ ਗਿਆ ਹੈ। ਇਸ ਸਬੰਧੀ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਨਡਾਲਾ ਪੁਲਿਸ ਨੇ ਦੋਸ਼ੀ ਹਰਸ਼ਦੀਪ ਜੋਸ਼ੀ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।