ਮੋਟਰਸਾਈਕਲ ਚੋਰੀ ਮਾਮਲੇ ’ਚ ਫਰਾਰ ਮੁਲਜ਼ਮ ਕਾਬੂ
ਨਡਾਲਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਮਾਮਲੇ ਵਿੱਚ ਫਰਾਰ ਮੁਲਜ਼ਮ ਕਾਬੂ
Publish Date: Wed, 28 Jan 2026 08:38 PM (IST)
Updated Date: Thu, 29 Jan 2026 04:14 AM (IST)
ਕੰਗ, ਪੰਜਾਬੀ ਜਾਗਰਣ, ਨਡਾਲਾ : ਨਡਾਲਾ ਪੁਲਿਸ ਨੇ ਮੋਟਰਸਾਈਕਲ ਚੋਰੀ ਦੇ ਦਰਜ ਮੁਕੱਦਮੇ ਵਿੱਚ ਲੋੜੀਂਦੇ ਚੋਰ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਅਤੇ ਏਐੱਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਸੰਬਰ ਮਹੀਨੇ ਦੌਰਾਨ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਦਵਿੰਦਰ ਸਿੰਘ ਉਰਫ਼ ਰਾਜਾ, ਪੁੱਤਰ ਬਲਵਿੰਦਰ ਸਿੰਘ, ਵਾਸੀ ਖਾਨਪੁਰ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸੁਭਾਨਪੁਰ ਵਿੱਚ ਮੁਕੱਦਮਾ ਨੰਬਰ 278 ਦਰਜ ਕੀਤਾ ਗਿਆ ਸੀ, ਜਦਕਿ ਮੁਲਜ਼ਮ ਦਾ ਇੱਕ ਸਾਥੀ ਫਰਾਰ ਚੱਲ ਰਿਹਾ ਸੀ। ਪੁਲਿਸ ਵੱਲੋਂ ਲਗਾਤਾਰ ਕੀਤੀ ਗਈ ਕਾਰਵਾਈ ਦੌਰਾਨ ਹੁਣ ਉਸਦੇ ਸਾਥੀ ਜਗਪ੍ਰੀਤ ਸਿੰਘ ਉਰਫ਼ ਗੋਰੀ, ਪੁੱਤਰ ਲਾਲੀ, ਵਾਸੀ ਬਾਮੂਵਾਲ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ। ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੀ ਜਾਂਚ ਜਾਰੀ ਹੈ।