ਮੁਸਲਿਮ ਭਾਈਚਾਰੇ ਨੇ ਇਤਿਹਾਸਕ ਮੋਰਿਸ਼ ਮਸਜਿਦ ’ਚ ਕੀਤੀ ਇਫ਼ਤਾਰ ਪਾਰਟੀ
ਮੁਸਲਿਮ ਭਾਈਚਾਰੇ ਵਲੋਂ ਇਤਿਹਾਸਕ ਮੋਰਿਸ਼ ਮਸਜਿਦ ਵਿਚ ਕਰਵਾਈ ਗਈ ਇਫ਼ਤਾਰ ਪਾਰਟੀ
Publish Date: Fri, 13 Mar 2026 08:02 PM (IST)
Updated Date: Fri, 13 Mar 2026 08:03 PM (IST)

--ਮਹਾਰਾਜਾ ਜਗਤਜੀਤ ਸਿੰਘ ਦੇ ਪੋਤੇ ਬ੍ਰਿਗੇਡੀਅਰ ਸੁਖਜੀਤ ਸਿੰਘ ਤੇ ਹੋਰਾਂ ਨੇ ਕੀਤੀ ਸ਼ਿਰਕਤ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮੁਸਲਿਮ ਭਾਈਚਾਰੇ ਵੱਲੋਂ ਪਵਿੱਤਰ ਰਮਜ਼ਾਨ ਮਹੀਨੇ ਮੌਕੇ ਇਤਿਹਾਸਕ ਮੋਰਿਸ਼ ਮਸਜਿਦ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਵਿਚ ਇਫ਼ਤਾਰ ਪਾਰਟੀ ਕਰਵਾਈ ਗਈ, ਜਿਸ ਵਿਚ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਦੇ ਪੋਤੇ ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਸ਼ਮੂਲੀਅਤ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪਵਿੱਤਰ ਰਮਜ਼ਾਨ ਮਹੀਨੇ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਕਪੂਰਥਲਾ ਸ਼ਾਹੀ ਘਰਾਣੇ ਤੇ ਸ਼ਹਿਰ ਦੇ ਲੋਕਾਂ ਵਿਚਕਾਰ ਇਤਿਹਾਸਕ ਭਾਈਚਾਰਕ ਦੀ ਸਾਂਝ ਦੀ ਸ਼ਲਾਘਾ ਕੀਤੀ ਕਿ ਮਹਾਰਾਜਾ ਜਗਤਜੀਤ ਸਿੰਘ ਦਾ ਦਿ੍ੜ੍ਹ ਵਿਸ਼ਵਾਸ ਸੀ ਕਿ ਕਪੂਰਥਲਾ ਦੀ ਤਾਕਤ ਇਥੋਂ ਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੀ ਏਕਤਾ ਵਿਚ ਹੈ। ਪ੍ਰਬੰਧਕਾਂ ਨੇ ਕਿਹਾ ਕਿ ਇਫ਼ਤਾਰ ਪਾਰਟੀ ਵਿਚ ਉਨ੍ਹਾਂ ਦੀ ਸ਼ਮੂਲੀਅਤ ਮਹਾਰਾਜਾ ਜਗਤਜੀਤ ਸਿੰਘ ਵੱਲੋਂ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਆਪਸੀ ਸਤਿਕਾਰ, ਸਦਭਾਵਨਾ ਤੇ ਏਕਤਾ ਦੇ ਸਥਾਪਿਤ ਸਥਾਈ ਮੁੱਲਾਂ ਨੂੰ ਦਰਸਾਉਂਦੀ ਹੈ। ਮਹਾਰਾਜਾ ਸੁਖਜੀਤ ਸਿੰਘ ਦਾ ਸਵਾਗਤ ਕਰਨ ਵਾਲਿਆਂ ਵਿਚ ਪ੍ਰਬੰਧਕ ਯਾਕੂਬ ਅਲੀ, ਮੋਰਿਸ਼ ਮਸਜਿਦ ਦੇ ਇਮਾਮ ਹਾਫਿਜ਼ ਸ਼ੌਕਤ ਅਲੀ, ਲਾਹੌਰੀ ਗੇਟ ਮਸਜਿਦ ਦੇ ਇਮਾਮ ਮੌਲਵੀ ਅਬਦੁਲ ਹਮੀਦ, ਏਐੱਸਆਈ ਮੁਹੰਮਦ ਸ਼ਕੀਲ, ਲੰਬੜ ਦਲਮੀਰ, ਇਸਰਾਰ ਅਹਿਮਦ ਆਦਿ ਸ਼ਾਮਲ ਸਨ। ਇਫ਼ਤਾਰ ਦੇ ਸਮੇਂ ਵੱਖ-ਵੱਖ ਰਾਜਨੀਤਿਕ ਆਗੂਆਂ ਤੇ ਮੁਸਲਿਮ ਭਾਈਚਾਰੇ ਨੇ ਇਕੱਠੇ ਮਿਲ ਕੇ ਇਫ਼ਤਾਰ ਕੀਤਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ, ਮਦਰਸਾ ਦਾਰ-ਏ-ਅਬੀ ਅਯੂਬ ਕਪੂਰਥਲਾ ਦੇ ਪ੍ਰਬੰਧਕ ਮੌਲਾਨਾ ਅਮਾਨੁੱਲਾ ਮਜਹਾਰੀ, ਹਾਜੀ ਸਵਾਰਦੀਨ, ਇਸਰਾਰ ਅਹਿਮਦ, ਡਾ. ਰਿਹਾਨ, ਮੁਹੰਮਦ ਇਰਸ਼ਾਦ, ਗੁੱਜਰ ਮਹਾਂਸਭਾ ਦੇ ਪ੍ਰਧਾਨ ਰਮਜ਼ਾਨ ਅਲੀ, ਅਨਵਰ ਖ਼ਾਨ ਕਾਦੂਪੁਰ ਤੇ ਸੈਂਕੜਿਆਂ ਦੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।