- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਕਾਇਆ ਪ੍ਰਾਪਰਟੀ ਟੈਕਸ ’ਤੇ ਨਗਰ ਨਿਗਮ ਦੀ ਸਖ਼ਤ ਕਾਰਵਾਈ, ਸੀਲਿੰਗ ਤੋਂ ਬਾਅਦ ਜਮ੍ਹਾਂ ਹੋਇਆ ਟੈਕਸ

ਪੰਜ ਦੁਕਾਨਾਂ ਨੂੰ ਜਾਰੀ ਕੀਤੇ ਸਨ ਨੋਟਿਸ, ਕੁਝ ਨੇ ਟੈਕਸ ਜਮ੍ਹਾ ਕਰਵਾਇਆ ਤੇ ਸੀਲ ਖੁੱਲ੍ਹਵਾਈ
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਨੂੰ ਲੈ ਕੇ ਨਗਰ ਨਿਗਮ ਕਪੂਰਥਲਾ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਬਕਾਏਦਾਰਾਂ ਖ਼ਿਲਾਫ਼ ਸੀਲਿੰਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਸਬਜ਼ੀ ਮੰਡੀ ਸਥਿਤ ਗੁਰਦੁਆਰਾ ਸਾਹਿਬ ਦੇ ਨੇੜੇ ਸਥਿਤ ਦੁਕਾਨਦਾਰਾਂ ਨੂੰ ਪਹਿਲਾਂ ਡਿਮਾਂਡ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਨਿਰਧਾਰਿਤ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਦੁਕਾਨਦਾਰ ਨਗਰ ਨਿਗਮ ਦਫ਼ਤਰ ਨਹੀਂ ਪਹੁੰਚੇ ਤਾਂ ਉਨ੍ਹਾਂ ਨੂੰ ਸੀਲਿੰਗ ਨੋਟਿਸ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਵੀ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਟੈਕਸ ਜਮ੍ਹਾਂ ਨਾ ਹੋਣ ’ਤੇ ਸ਼ੁੱਕਰਵਾਰ ਨੂੰ ਨਗਰ ਨਿਗਮ ਦੀ ਟੀਮ ਨੇ ਪੰਜ ਪ੍ਰਾਪਰਟੀ ਮਾਲਕਾਂ ਦੇ ਪੈਂਡਿੰਗ ਸੀਲਿੰਗ ਨੋਟਿਸਾਂ ’ਤੇ ਕਾਰਵਾਈ ਕੀਤੀ। ਇੰਸਪੈਕਟਰ ਭਜਨ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਦੀ ਟੀਮ ਮੌਕੇ ’ਤੇ ਪਹੁੰਚੀ, ਜਿਸ ਵਿਚ ਜੂਨੀਅਰ ਸਹਾਇਕ ਗੌਰਵ ਸ਼ੁਕਲਾ, ਸੰਦੀਪ ਸਿੰਘ, ਜਸਵਿੰਦਰ ਸਿੰਘ, ਨਵਜੋਤ ਸਿੰਘ ਅਤੇ ਬੋਨਿਤ ਸਹੋਤਾ ਸ਼ਾਮਲ ਸਨ। ਕਾਰਵਾਈ ਦੌਰਾਨ ਪੰਜ ਵਿਚੋਂ ਦੋ ਦੁਕਾਨਾਂ ਨੂੰ ਨਿਯਮਾਂ ਅਨੁਸਾਰ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਕੁੱਝ ਦੁਕਾਨਦਾਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਅਤੇ ਨਗਰ ਨਿਗਮ ਟੀਮ ਨਾਲ ਬਹਿਸ ਹੋਈ। ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਦੁਕਾਨਦਾਰਾਂ ਨੂੰ ਕਈ ਵਾਰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਜਾ ਚੁੱਕੇ ਸਨ, ਪਰ ਟੈਕਸ ਨਾ ਭਰਨ ਕਾਰਨ ਮਜਬੂਰਨ ਸੀਲਿੰਗ ਦੀ ਕਾਰਵਾਈ ਕਰਨੀ ਪਈ। ਸੀਲਿੰਗ ਤੋਂ ਬਾਅਦ ਸਬੰਧਤ ਦੁਕਾਨਦਾਰ ਨਗਰ ਨਿਗਮ ਦਫ਼ਤਰ ਪਹੁੰਚੇ ਅਤੇ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਦੁਕਾਨਾਂ ਦੀ ਸੀਲ ਖੁਲ੍ਹਵਾਈ ਗਈ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਬਕਾਏਦਾਰਾਂ ਖ਼ਿਲਾਫ਼ ਵੀ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ, ਜੇਕਰ ਉਨ੍ਹਾਂ ਨੇ ਨਿਰਧਾਰਿਤ ਸਮੇਂ ਅੰਦਰ ਟੈਕਸ ਜਮ੍ਹਾਂ ਨਾ ਕਰਵਾਇਆ ਤਾਂ ਉਨ੍ਹਾਂ ਦੀ ਸੰਪਤੀ ਨੂੰ ਵੀ ਸੀਲ ਕੀਤਾ ਜਾਵੇਗਾ।
ਟੈਕਸ ਰਿਕਵਰੀ ਲਈ ਨਗਰ ਨਿਗਮ ਪੂਰੀ ਤਰ੍ਹਾਂ ਗੰਭੀਰ : ਅਨੁਪਮ ਕਲੇਰ
ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਨੇ ਕਿਹਾ ਕਿ ਨਗਰ ਨਿਗਮ ਬਕਾਇਦਾਰਾਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਸ਼ਹਿਰ ਦੇ ਵਿਕਾਸ ਲਈ ਇਕ ਮਹੱਤਵਪੂਰਨ ਆਮਦਨ ਦਾ ਸਰੋਤ ਹੈ ਤੇ ਸਮੇਂ ਸਿਰ ਟੈਕਸ ਜਮ੍ਹਾਂ ਕਰਵਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਟੈਕਸ ਜਮ੍ਹਾਂ ਨਹੀਂ ਕਰਵਾਉਂਦੀ, ਤਾਂ ਨਗਰ ਨਿਗਮ ਨੂੰ ਸੀਲਿੰਗ ਵਰਗੀ ਸਖ਼ਤ ਕਾਰਵਾਈ ਕਰਨੀ ਪੈਂਦੀ ਹੈ। ਭਵਿੱਖ ਵਿਚ ਵੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਬੇਲੋੜੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾਵੇ। ਨਗਰ ਨਿਗਮ ਦਾ ਮੰਨਣਾ ਹੈ ਕਿ ਇਸ ਸਖ਼ਤੀ ਨਾਲ ਟੈਕਸ ਰਿਕਵਰੀ ਵਿਚ ਤੇਜ਼ੀ ਆਏਗੀ ਤੇ ਸ਼ਹਿਰ ਦੀ ਸਫ਼ਾਈ, ਸੜਕਾਂ, ਸਟਰੀਟ ਲਾਈਟ, ਸੀਵਰੇਜ, ਪੀਣ ਵਾਲੇ ਪਾਣੀ ਸਮੇਤ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ।