ਨਜਾਇਜ਼ ਕਬਜ਼ਿਆਂ ਵਾਂਗ ਅਵਾਰਾ ਪਸ਼ੂਆਂ ’ਤੇ ਵੀ ਧਿਆਨ ਦੇਵੇ ਨਿਗਮ
ਨਜਾਇਜ਼ ਕਬਜ਼ਿਆਂ ਵਾਂਗ ਅਵਾਰਾ ਪਸ਼ੂਆਂ ਤੇ ਵੀ ਧਿਆਨ ਦੇਵੇ ਨਗਰ ਨਿਗਮ, ਬਲਵਿੰਦਰ ਠਾਕੁਰ
Publish Date: Tue, 10 Mar 2026 09:10 PM (IST)
Updated Date: Tue, 10 Mar 2026 09:12 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੀ ਇਕ ਵੱਡੀ ਸਮੱਸਿਆ ਸ਼ਹਿਰ ਵਿਚ ਕੀਤੇ ਹੋਏ ਨਜਾਇਜ਼ ਕਬਜ਼ੇ ਹਨ, ਜਿਨ੍ਹਾਂ ਨੂੰ ਹਟਾਉਣ ਲਈ ਹਾਲੇ ਤੱਕ ਇਕ ਦਰਜਨ ਦੇ ਕਰੀਬ ਨਿਗਮ ਕਮਿਸ਼ਨਰ ਆਏ ਤੇ ਚਲੇ ਗਏ ਪਰ ਉਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਸ ਸਮੱਸਿਆ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਪਰ ਇਸ ਦੇ ਨਾਲ-ਨਾਲ ਦੂਜੀ ਵੱਡੀ ਸਮੱਸਿਆ ਸ਼ਹਿਰ ਵਿਚ ਕੂੜੇ ਦੇ ਢੇਰ ’ਤੇ ਖੜ੍ਹੇ ਅਵਾਰਾ ਪਸ਼ੂ ਹਨ। ਇਹ ਸਨਾਤਨ ਧਰਮ, ਸਾਡੇ ਸਮਾਜ ਤੇ ਨਗਰ ਨਿਗਮ ਲਈ ਬੜੇ ਹੀ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਆਏ ਦਿਨ ਨਗਰ ਨਿਗਮ ਦੀਆਂ ਟੀਮਾਂ ਨੂੰ ਸ਼ਹਿਰ ਦੇ ਬਾਜ਼ਾਰਾਂ ਨੂੰ ਕਬਜ਼ਾ ਮੁਕਤ ਕਰਵਾਉਂਦੇ ਹੋਏ ਤਾਂ ਜ਼ਰੂਰ ਦੇਖਿਆ ਜਾ ਸਕਦਾ ਹੈ ਪਰ ਸ਼ਹਿਰ ਵਿਚ ਲੱਗੇ ਵੱਡੇ-ਵੱਡੇ ਕੂੜੇ ਦੇ ਢੇਰਾਂ ਤੇ ਕੂੜਾ ਖਾਂਦੇ ਅਵਾਰਾ ਪਸ਼ੂਆਂ ਦਾ ਹੱਲ ਕਰਵਾਉਂਦੇ ਹੋਏ ਕਦੇ ਨਹੀਂ ਦੇਖਿਆ ਗਿਆ ਜਦਕਿ ਕਾਊ ਸੈੱਸ ਦਾ ਸਾਰਾ ਪੈਸਾ ਨਗਰ ਨਿਗਮ ਹੀ ਵਸੂਲਦੀ ਹੈ। ਸਿਰਫ ਇਕ ਨਿਗਮ ਕਮਿਸ਼ਨਰ ਡਾਕਟਰ ਨਯਨ ਜੱਸਲ ਤੋਂ ਸਿਵਾਏ ਹੋਰ ਕਿਸੇ ਵੀ ਨਿਗਮ ਕਮਿਸ਼ਨਰ ਨੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਕਾਰਜਕਾਲ ਸਮੇਂ ਲੁਧਿਆਣਾ ਦੀ ਗਊਸ਼ਾਲਾ ਨਾਲ ਸੰਪਰਕ ਕਰਕੇ ਸ਼ਹਿਰ ਦੇ ਸਾਰੇ ਅਵਾਰਾ ਪਸ਼ੂਆਂ ਦਾ ਹੱਲ ਕਰਵਾ ਦਿੱਤਾ ਸੀ, ਜਿਸ ਦੇ ਤਹਿਤ ਰੋਜ਼ਾਨਾ ਗੱਡੀਆਂ ਭਰ ਕੇ ਲੁਧਿਆਣਾ ਗਊਸ਼ਾਲਾ ਭੇਜੀਆਂ ਜਾਂਦੀਆਂ ਸਨ। ਹੁਣ ਨਿਗਮ ਕਮਿਸ਼ਨਰ ਨੂੰ ਸ਼ਹਿਰ ਦੇ ਬਾਜ਼ਾਰਾਂ ਵਿਚ ਦੇਖਿਆ ਤਾਂ ਜਾਂਦਾ ਹੈ ਪਰ ਇਨ੍ਹਾਂ ਅਵਾਰਾ ਪਸ਼ੂਆਂ ਦਾ ਹੱਲ ਕਰਵਾਉਂਦੇ ਹੋਏ ਕਦੇ ਨਹੀਂ ਦੇਖਿਆ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ, ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਲੋਕੇਸ਼ ਬਾਲੀ ਨੇ ਕਿਹਾ ਕਿ ਸ਼ਹਿਰ ਨੂੰ ਕਬਜ਼ਾ ਮੁਕਤ ਕਰਾਉਣਾ ਬਹੁਤ ਜ਼ਰੂਰੀ ਹੈ ਪਰ ਜੋ ਕੂੜਾ ਖਾ ਰਹੇ ਅਵਾਰਾ ਪਸ਼ੂ ਹਨ, ਇਨ੍ਹਾਂ ਦਾ ਵੀ ਤਾਂ ਕੋਈ ਸਾਰਥਕ ਹੱਲ ਹੋਣਾ ਚਾਹੀਦਾ ਹੈ। ਜੇਕਰ ਨਗਰ ਨਿਗਮ ਕਾਊ ਸੈੱਸ ਵਸੂਲਦੀ ਹੈ ਤਾਂ ਇਨ੍ਹਾਂ ਅਵਾਰਾ ਪਸ਼ੂਆਂ ਦੀ ਜ਼ਿੰਮੇਵਾਰੀ ਵੀ ਉਸਨੂੰ ਲੈਣੀ ਚਾਹੀਦੀ ਹੈ। ਅਵਾਰਾ ਪਸ਼ੂਆਂ ਤੇ ਕੂੜੇ ਦੇ ਢੇਰਾਂ ਦਾ ਹਲ ਕਰਵਾਉਣ ਵਿਚ ਨਗਰ ਨਿਗਮ ਪੂਰੀ ਤਰਾਂ ਫੇਲ੍ਹ ਸਾਬਿਤ ਹੋਈ ਹੈ। ਸ਼ਹਿਰ ਅੰਦਰ ਲੱਗੇ ਕੂੜੇ ਦੇ ਅੰਬਾਰ ਸਾਫ ਜ਼ਾਹਿਰ ਕਰਦੇ ਹਨ ਕਿ ਨਿਗਮ ਅਧਿਕਾਰੀਆਂ ਦੀ ਮਨਸ਼ਾ ਸਿਰਫ ਲੋਕਾਂ ਨੂੰ ਖੱਜਲ-ਖੁਆਰ ਕਰਨ ਤੋਂ ਸਿਵਾ ਹੋਰ ਕੁਝ ਵੀ ਨਹੀਂ।