ਨਵਿਤਾ ਨੇ ਆਰਸੀਐੱਫ ਮਹਿਲਾ ਕਲਿਆਣ ਸੰਗਠਨ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
ਸ਼੍ਰੀਮਤੀ ਨਵਿਤਾ ਨੰਦਨ ਨੇ ਰੇਲ ਕੋਚ ਫੈਕਟਰੀ ਦੀ ਮਹਿਲਾ ਕਲਿਆਣ ਸੰਗਠਨ ਦੀ ਨਵੀਂ ਪ੍ਰਧਾਨ ਵਜੋਂ ਸੰਭਾਲਿਆ ਕਾਰਜਭਾਰ
Publish Date: Tue, 31 Mar 2026 07:04 PM (IST)
Updated Date: Tue, 31 Mar 2026 07:07 PM (IST)

--ਰੇਲ ਕੋਚ ਫੈਕਟਰੀ ਮਹਿਲਾ ਕਲਿਆਣ ਸੰਗਠਨ ਵੱਲੋਂ ਮਹਿਲਾ ਸਸ਼ਕਤੀਕਰਨ ‘ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀਮਤੀ ਨਵਿਤਾ ਨੰਦਨ ਨੇ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਦੇ ਮਹਿਲਾ ਕਲਿਆਣ ਸੰਗਠਨ ਦੀ ਨਵੀਂ ਪ੍ਰਧਾਨ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਆਰਸੀਐੱਫ ਦੀਆਂ ਮਹਿਲਾ ਰੇਲ ਕਰਮਚਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਪ੍ਰੋਗਰਾਮ ਮਹਿਲਾ ਸਸ਼ਕਤੀਕਰਨ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਰਿਹਾ। ਇਹ ਸਮਾਗਮ ਆਰਸੀਐੱਫ ਦੇ ਵਾਰਿਸ ਸ਼ਾਹ ਹਾਲ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ 325 ਮਹਿਲਾ ਰੇਲ ਕਰਮਚਾਰੀਆਂ ਤੇ ਰੇਲ ਕੋਚ ਫੈਕਟਰੀ ਕਪੂਰਥਲਾ ਮਹਿਲਾ ਕਲਿਆਣ ਸੰਗਠਨ ਦੀਆਂ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਤੌਰ ‘ਤੇ ਦੀਪ ਜਗ੍ਹਾ ਕੇ ਕੀਤੀ ਗਈ, ਜਿਸ ਤੋਂ ਬਾਅਦ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਮਹਿਲਾ ਕਰਮਚਾਰੀਆਂ ਵੱਲੋਂ ਪੇਸ਼ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਅਧੀਨ ਖੁਸ਼ਬੂ ਤੇ ਬਿਮਲਾ ਨੇ ਗੀਤ ਪੇਸ਼ ਕੀਤੇ, ਜਦਕਿ ਸ਼੍ਰੇਆ ਸਿੰਘ ਤੇ ਸਿਮਰਨਜੀਤ ਨੇ ਆਪਣੀਆਂ ਆਕਰਸ਼ਕ ਨਾਚ ਪ੍ਰਸਤੁਤੀਆਂ ਨਾਲ ਸਭ ਦਾ ਮਨ ਮੋਹ ਲਿਆ। ਮੀਨੂ ਤੇ ਸੀਮਾ ਵੱਲੋਂ ਸਮਾਜਿਕ ਸੰਦੇਸ਼ ’ਤੇ ਆਧਾਰਿਤ ਇਕ ਲਘੂ ਨਾਟਿਕਾ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਮੈਡੀਕਲ ਵਿਭਾਗ ਦੀਆਂ ਮਹਿਲਾ ਕਰਮਚਾਰੀਆਂ ਨੇ ਸੀਪੀਆਰ ਵਿਸ਼ੇ ‘ਤੇ ਜਾਗਰੂਕਤਾ ਫੈਲਾਉਣ ਲਈ ਪ੍ਰਭਾਵਸ਼ਾਲੀ ਸਕਿਟ ਪੇਸ਼ ਕੀਤੀ। ਪ੍ਰੋਗਰਾਮ ਦੇ ਸਮਾਪਨ ‘ਤੇ ਸਟੋਰ ਵਿਭਾਗ ਦੀਆਂ ਮਹਿਲਾ ਕਰਮਚਾਰੀਆਂ ਨੇ ਜੋਸ਼ ਭਰਪੂਰ ਗਿੱਧਾ ਪੇਸ਼ ਕਰਕੇ ਮਾਹੌਲ ਨੂੰ ਉਤਸਵਮਈ ਬਣਾ ਦਿੱਤਾ। ਇਸ ਮੌਕੇ ਸਾਲ 2026–27 ਵਿਚ ਸੇਵਾਮੁਕਤ ਹੋਣ ਵਾਲੀਆਂ 20 ਮਹਿਲਾ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਾਲ 2025 ਦੌਰਾਨ ਸ਼ਾਨਦਾਰ ਕੰਮ ਕਰਨ ਵਾਲੀਆਂ 9 ਮਹਿਲਾ ਕਰਮਚਾਰੀਆਂ ਨੂੰ ਇਨਾਮ ਦਿੱਤੇ ਗਏ। ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਸ਼੍ਰੀਮਤੀ ਨਵਿਤਾ ਨੰਦਨ ਨੇ ਮਹਿਲਾ ਕਰਮਚਾਰੀਆਂ ਦੇ ਕੰਮ ਦੀ ਸਰਾਹਨਾ ਕਰਦੇ ਹੋਏ ਆਰਸੀਐੱਫ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ‘ਤੇ ਜ਼ੋਰ ਦਿੰਦਿਆਂ ਸਭ ਮਹਿਲਾਵਾਂ ਨੂੰ ਆਤਮਵਿਸ਼ਵਾਸ ਨਾਲ ਅੱਗੇ ਵਧਣ ਤੇ ਸਮਾਜ ਤੇ ਕਾਰਜਸਥਾਨ ‘ਤੇ ਮਹਿਲਾਵਾਂ ਨੂੰ ਹੋਰ ਸਸ਼ਕਤ ਬਣਾਉਣ ਲਈ ਪ੍ਰੇਰਿਤ ਕੀਤਾ।