ਨਡਾਲਾ ਚੌਂਕ ਤੋਂ ਬੇਗੋਵਾਲ ਤੱਕ ਰੇਤ/ਬਜਰੀ ਵਾਲੀਆਂ ਗੱਡੀਆਂ ਦੀ ਆਵਾਜਾਈ ’ਤੇ ਪਾਬੰਦੀ
ਨਡਾਲਾ ਚੌਂਕ ਤੋਂ ਟਾਂਡਾ ਰੋਡ, ਬੇਗੋਵਾਲ ਤੱਕ ਰੇਤ/ਬਜਰੀ ਵਾਲੀਆਂ ਗੱਡੀਆਂ ਦੀ ਆਵਾਜਾਈ ’ਤੇ ਪਾਬੰਦੀ
Publish Date: Thu, 26 Feb 2026 07:20 PM (IST)
Updated Date: Thu, 26 Feb 2026 07:22 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਉਪ-ਮੰਡਲ ਮੈਜਿਸਟਰੇਟ ਭੁਲੱਥ ਰੁਪਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਡਾਲਾ ਚੌਂਕ ਤੋਂ ਟਾਂਡਾ ਰੋਡ, ਬੇਗੋਵਾਲ ਤੱਕ ਰੇਤ/ਬਜਰੀ ਦੇ ਟਰੱਕਾਂ ਤੇ ਟਰਾਲੀਆਂ ਦੀ ਆਵਾਜਾਈ ਵਿਚ ਹਾਲ ਹੀ ਵਿਚ ਕਾਫੀ ਵਾਧਾ ਹੋਇਆ ਹੈ। ਇਸ ਕਾਰਨ ਇਸ ਸੜਕ ਉੱਤੇ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਤੇ ਜਨਹਿੱਤ ਵਿਚ ਕਾਰਵਾਈ ਕਰਦਿਆਂ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਪ-ਮੰਡਲ ਮੈਜਿਸਟਰੇਟ ਭੁਲੱਥ ਵੱਲੋਂ ਰੇਤ/ਬਜਰੀ ਦੇ ਟਰੱਕਾਂ ਤੇ ਟਰਾਲੀਆਂ ਦੀ ਆਵਾਜਾਈ ’ਤੇ ਸਵੇਰੇ 07:00 ਵਜੇ ਤੋਂ ਰਾਤ 09:00 ਵਜੇ ਤੱਕ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਅਨਾਜ/ਚਾਵਲਾਂ ਦੇ ਟਰੱਕਾਂ, ਭੱਠਾ ਮਾਲਕਾਂ ਦੇ ਟਿਪਰਾਂ ਤੇ ਦਾਣਾ ਮੰਡੀ ਦਮੂਲੀਆਂ ਤੇ ਫੋਕਲ ਪੁਆਇੰਟ ਇਬਰਾਹਿਮਵਾਲ ਨਾਲ ਸਬੰਧਤ ਗੱਡੀਆਂ ’ਤੇ ਲਾਗੂ ਨਹੀਂ ਹੋਵੇਗੀ। ਇਹ ਹੁਕਮ ਮਿਤੀ 12.04.2026 ਤੱਕ ਲਾਗੂ ਰਹਿਣਗੇ।