ਪੀਟੀਯੂ ਤੇ ਪੀਐੱਸਓਯੂ ਪਟਿਆਲਾ ਸਿੱਖਿਆ ਦੇ ਖੇਤਰ ’ਚ ਕਰਨਗੇ ਸਹਿਯੋਗ
ਆਈ.ਕੇ.ਜੀ ਪੀ.ਟੀ.ਯੂ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿਚਕਾਰ ਸਹੀਬੱਧ ਸਮਝੌਤਾ
Publish Date: Thu, 12 Feb 2026 06:38 PM (IST)
Updated Date: Thu, 12 Feb 2026 06:42 PM (IST)

ਦੋਵਾਂ ਯੂਨੀਵਰਸਿਟੀਆਂ ’ਚ ਹੋਇਆ ਸਮਝੌਤਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਦਿਅਕ ਖੇਤਰ ਵਿਚ ਨਵੇਂ ਮੁਕਾਮ ਹਾਸਿਲ ਕਰਨ, ਸਾਂਝੇ ਖੋਜ ਕਾਰਜਾਂ ਨੂੰ ਉਤਸਾਹਿਤ ਕਰਨ, ਨਵੇਂ ਲੋੜੀਂਦੇ ਕੋਰਸ ਸ਼ੁਰੂ ਕਰਨ, ਫੈਕਲਟੀ ਵਿਕਾਸ ਆਦਿ ਹੋਰ ਅਕਾਦਮਿਕ ਪਹਿਲਕਦਮੀਆਂ ਦੇ ਲਈ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਤੇ ਜਗਤ ਗੁਰੂ ਨਾਨਕ ਦੇਵ ਜੀ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ (ਜੇਜੀਐੱਨਡੀਪੀਐੱਸਓਯੂ) ਵਿਚਕਾਰ ਇਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਸਮਾਰੋਹ ਦੀ ਪ੍ਰਧਾਨਗੀ ਆਈਕੇਜੀ ਪੀਟੀਯੂ ਦੇ ਉਪ-ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਤੇ ਜੇਜੀਐੱਨਡੀਪੀਐੱਸਓਯੂ ਦੇ ਉਪ-ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਨੇ ਕੀਤੀ। ਇਹ ਪਹਿਲਕਦਮੀ ਆਈਕੇਜੀ ਪੀਟੀਯੂ ਦੇ ਡੀਨ ਪਲੈਨਿੰਗ ਐਂਡ ਐਕਸਟਰਨਲ ਪਲੈਨਿੰਗ (ਪੀ ਐਂਡ ਈਪੀ) ਦੇ ਦਫ਼ਤਰ ਵੱਲੋਂ ਉਪ-ਕੁਲਕਪਤੀ ਆਈਕੇਜੀ ਪੀਟੀਯੂ ਦੇ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਦੀ ਅਗਵਾਈ ਵਿਚ ਕੀਤੀ ਗਈ ਹੈ। ਇਸ ਸਮਝੌਤੇ ਬਾਰੇ ਡੀਨ ਪੀ ਐਂਡ ਈ ਪੀ ਡਾ. ਆਰਪੀਐੱਸ ਬੇਦੀ ਨੇ ਸਾਂਝਾ ਕੀਤਾ ਕਿ ਇਸ ਕਰਾਰ ਦਾ ਦਾਇਰਾ ਸਿੱਖਿਆ ਤੇ ਅਕਾਦਮਿਕ ਖੋਜ ਦੇ ਖੇਤਰਾਂ ਵਿਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਮਝੌਤੇ ਰਾਹੀਂ ਦੋਵੇਂ ਸੰਸਥਾਵਾਂ ਵੱਖ-ਵੱਖ ਵਿਸ਼ਿਆਂ ਵਿਚ ਅਕਾਦਮਿਕ ਤੇ ਖੋਜ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਤੇ ਮਜ਼ਬੂਤ ਕਰਨ ਲਈ ਸਹਿਯੋਗ ਕਰਨਗੀਆਂ, ਜਿਸ ਵਿਚ ਉੱਭਰ ਰਹੀਆਂ ਸਮਾਜਿਕ ਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਅੰਤਰ-ਅਨੁਸ਼ਾਸਨੀ ਪਹਿਲਕਦਮੀਆਂ ਸ਼ਾਮਲ ਹਨ। ਡਾ. ਬੇਦੀ ਨੇ ਅੱਗੇ ਸਾਂਝਾ ਕੀਤਾ ਕਿ ਦੋਵੇਂ ਸੰਸਥਾਵਾਂ ਫੈਕਲਟੀ ਮੁਹਾਰਤ, ਲਾਇਬ੍ਰੇਰੀ ਸਰੋਤ, ਪ੍ਰਯੋਗਸ਼ਾਲਾਵਾਂ, ਸਿੱਖਣ ਸਮੱਗਰੀ ਤੇ ਅਕਾਦਮਿਕ ਬੁਨਿਆਦੀ ਢਾਂਚਾ ਆਦਿ ਵਰਗੇ ਅਕਾਦਮਿਕ ਸਰੋਤਾਂ ਨੂੰ ਸਾਂਝਾ ਕਰਨ ਲਈ ਸਹਿਮਤ ਹਨ। ਇਸ ਮੌਕੇ ਉਪ-ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਦੋਵਾਂ ਸੰਸਥਾਵਾਂ ਦੀਆਂ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਸੰਸਥਾਵਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਡੋਮੇਨ-ਵਿਸ਼ੇਸ਼ ਤੇ ਹੁਨਰ-ਅਧਾਰਿਤ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਤੇ ਮਜ਼ਬੂਤ ਕਰਨ ਲਈ ਸਹਿਯੋਗੀ ਹੋਣਗੇ, ਜਿਸਦਾ ਉਦੇਸ਼ ਵਿਦਿਆਰਥੀਆਂ ਲਈ ਰੁਜ਼ਗਾਰਯੋਗਤਾ, ਪੇਸ਼ੇਵਰ ਵਿਕਾਸ ਤੇ ਜੀਵਨ ਭਰ ਸਿੱਖਣ ਦੇ ਮੌਕੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਖੋਜ ਤੇ ਵਿਕਾਸ ਕਾਰਜਾਂ ਨੂੰ ਵਧਾਉਣ ਲਈ ਸਾਂਝੇ ਪ੍ਰਕਾਸ਼ਨ, ਖੋਜ-ਮੁਖੀ ਸਮਾਗਮ ਜਿਵੇਂ ਕਿ ਸੈਮੀਨਾਰ, ਵਰਕਸ਼ਾਪਾਂ, ਕਾਨਫਰੰਸਾਂ ਤੇ ਆਪਸੀ ਤਾਲਮੇਲ ਵਿਚ ਵਾਧਾ ਕੀਤਾ ਜਾਵੇਗਾ। ਇਸ ਮੌਕੇ ਡਾ. ਨਵਦੀਪਕ ਸੰਧੂ ਰਜਿਸਟਰਾਰ ਆਈਕੇਜੀਪੀਟੀਯੂ, ਡਾ. ਅਮਿਤੋਜ ਸਿੰਘ, ਐਸੋਸੀਏਟ ਡੀਨ (ਅਕਾਦਮਿਕ) ਜੇਜੀਐੱਨਡੀਪੀਐੱਸਓਯੂ, ਪਟਿਆਲਾ, ਡਾ. ਏਕਓਂਕਾਰ ਸਿੰਘ ਜੌਹਲ ਡਿਪਟੀ ਰਜਿਸਟਰਾਰ ਪੀ ਐਂਡ ਈਪੀ (ਆਈਕੇਜੀਪੀਟੀਯੂ), ਡਾ. ਸ਼ੈਫਾਲੀ ਬੇਦੀ, ਸਹਾਇਕ ਪ੍ਰੋਫੈਸਰ (ਜੇਜੀਐੱਨਡੀਪੀਐੱਸਓਯੂ) ਵੀ ਮੌਜੂਦ ਸਨ।