ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ ਕਮਲਾ ਨਹਿਰੂ ਕਾਲਜ ਨਾਲ ਕੀਤਾ ਸਮਝੌਤਾ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਅਤੇ ਕਮਲਾ ਨਹਿਰੂ ਕਾਲਜ ਫਾਰ ਵਿਮੈਨ ਫਗਵਾੜਾ ਦਰਮਿਆਨ ਕੀਤਾ ਗਿਆ MOU ਸਾਈਨ
Publish Date: Thu, 05 Mar 2026 07:27 PM (IST)
Updated Date: Thu, 05 Mar 2026 07:29 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਵੱਲੋਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣ, ਸਕਿੱਲ ਟ੍ਰੇਨਿੰਗ ਤੇ ਕੈਰੀਅਰ ਕਾਊਂਸਲਿੰਗ ਦੇਣ ਦੇ ਮੰਤਵ ਨੂੰ ਪੂਰਾ ਕਰਨ ਲਈ ਇਕ ਨਿਵੇਕਲਾ ਉਪਰਾਲਾ ਉਲੀਕਿਆ ਗਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਰਾਜਨ ਸ਼ਰਮਾ ਨੇ ਦੱਸਿਆ ਕਿ ਇਸ ਉਪਰਾਲੇ ਦੇ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਤੇ ਕਮਲਾ ਨਹਿਰੂ ਕਾਲਜ ਫਾਰ ਵੁਮੈਨ, ਫਗਵਾੜਾ ਦੇ ਵਿਚਾਕਰ ਇਕ ਐੱਮਓਯੂ ਸਾਈਨ ਕੀਤਾ ਗਿਆ, ਜਿਸ ਦੇ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਵੱਲੋਂ ਕਾਲਜ ਦੇ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਤੇ ਕੈਰੀਅਰ ਕਾਊਂਸਲਿੰਗ ਕੀਤੀ ਜਾਵੇਗੀ ਤੇ ਬਿਊਰੋ ਵੱਲੋਂ ਕਾਲਜ ਵਿਚ ਪਲੇਸਮੈਂਟ ਕੈਂਪ ਵੀ ਲਗਾਏ ਜਾਣਗੇ। ਸਬੰਧਤ ਕਾਲਜ ਵੱਲੋਂ ਇਸ ਕੰਮ ਲਈ ਸਥਾਨ ਤੇ ਜ਼ਰੂਰੀ ਇਨਫਰਾਸਟ੍ਰੱਕਚਰ ਉਪਲੱਬਧ ਕਰਵਾਇਆ ਜਾਵੇਗਾ। ਸਮਝੌਤੇ ਦੀ ਸ਼ੁਰੂਆਤੀ ਮਿਆਦ 1 ਸਾਲ ਹੋਵੇਗੀ, ਜਿਸਨੂੰ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਅੱਗੇ ਵਧਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਕਮਲਾ ਨਹਿਰੂ ਕਾਲਜ ਫਾਰ ਵੁਮੈਨ, ਫਗਵਾੜਾ ਵਿੱਦਿਆ ਦੇ ਖੇਤਰ ਵਿਚ ਇਕ ਮਿਆਰੀ ਸੰਸਥਾ ਹੈ ਤੇ ਇਸ ਐੱਮਓਯੂ ਸਾਈਨ ਹੋਣ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਕਪੂਰਥਲਾ ਤੇ ਕਮਲਾ ਨਹਿਰੂ ਕਾਲਜ ਫਾਰ ਵੁਮੈਨ, ਫਗਵਾੜਾ ਨੂੰ ਸਾਂਝੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿਚ ਵੱਡਮੁੱਲਾ ਸਹਿਯੋਗ ਪ੍ਰਾਪਤ ਹੋਵੇਗਾ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਸਿਖਲਾਈ ਅਫਸਰ ਰਾਜਨ ਸ਼ਰਮਾ ਤੇ ਕਾਲਜ ਵੱਲੋਂ ਪ੍ਰਿੰਸੀਪਲ ਰਵਿੰਦਰਪਾਲ ਦੇ ਅਧਾਰ ’ਤੇ ਸ਼੍ਰੀ ਹਰਵਿੰਦਰ ਸਿੰਘ ਚੌਹਾਨ ਹਾਜ਼ਰ ਸਨ। ਰਾਜਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਸ ਨਾਲ ਕਾਲਜ ਦੇ ਵਿਦਿਆਰਥੀਆਂ ਨੂੰ ਜਿਥੇ ਬਿਊਰੋ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਮੁਫ਼ਤ ਸੇਵਾਵਾਂ ਜਿਵੇਂ ਕਿ ਰਜਿਸਟ੍ਰੇਸ਼ਨ, ਕੈਰੀਅਰ ਕਾਊਂਸਲਿੰਗ, ਹੁਨਰ ਵਿਕਾਸ ਕੋਰਸ ਆਦਿ ਦਾ ਲਾਭ ਉਨ੍ਹਾਂ ਦੇ ਕੈਂਪਸ ਵਿਚ ਹੀ ਮਿਲੇਗਾ, ਉਥੇ ਹੀ ਉਨ੍ਹਾਂ ਨੂੰ ਪਲੇਸਮੈਂਟ ਤੇ ਸਵੈ-ਰੋਜ਼ਗਾਰ ਕੈਂਪਾਂ ਵਿਚ ਸ਼ਿਰਕਤ ਕਰਨ ਲਈ ਕਪੂਰਥਲਾ ਨਹੀਂ ਜਾਣਾ ਪਵੇਗਾ ਬਲਕਿ ਉਹ ਕੈਂਪਸ ਦੇ ਅੰਦਰ ਹੀ ਇਨ੍ਹਾਂ ਮੌਕਿਆਂ ਦਾ ਲਾਭ ਉਠਾ ਸਕਣਗੇ। ਇਸ ਤੋਂ ਇਲ੍ਹਾਵਾ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਸਬੰਧੀ ਸਰਕਾਰੀ ਸਕੀਮਾਂ ਦੀ ਜਾਣਕਾਰੀ ਉਨ੍ਹਾਂ ਦੇ ਕਲਾਸਰੂਮਾਂ ਵਿਚ ਹੀ ਮਿਲੇਗੀ। ਉਨ੍ਹਾਂ ਦੱਸਿਆ ਕਿ ਰੱਖਿਆ ਸੇਵਾਵਾਂ ਵਿਚ ਸੇਵਾ ਕਰਨ ਦੇ ਇਛੁੱਕ ਵਿਦਿਆਰਥੀਆਂ ਨੂੰ ਵਿਭਾਗ ਦੁਆਰਾ ਚਲਾਏ ਜਾਂਦੇ ਸਿਖਲਾਈ ਸੈਂਟਰ ਸੀ-ਪਾਈਟ ਕਪੂਰਥਲਾ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਚ ਦਾਖਲੇ ਸਬੰਧੀ ਤੇ ਵਿਦੇਸ਼ ਜਾਣ ਦੇ ਇਛੁੱਕ ਵਿਦਿਆਰਥੀਆਂ ਨੂੰ ਵਿਭਾਗ ਦੇ ਵਿਦੇਸ਼ੀ ਸੈੱਲ ਬਾਰੇ ਜਾਣਕਾਰੀ ਉਨ੍ਹਾਂ ਦੇ ਡੋਰ-ਸਟੈੱਪ ’ਤੇ ਹੀ ਮੁਹੱਈਆ ਹੋ ਜਾਵੇਗੀ।