ਦਾਤਰ ਦਿਖਾ ਕੇ ਮੋਬਾਇਲ ਲੁੱਟਨ ਵਾਲਾ ਲੁਟੇਰਾ ਕਾਬੂ
ਕਪੂਰਥਲਾ ਵਿੱਚ ਦਾਤਰ ਦਿਖਾ ਕੇ ਮੋਟਰ ਸਾਇਕਲ ਸਵਾਰ ਨੇ ਲੁੱਟਿਆ ਮੋਬਾਇਲ, ਲੋਕਾਂ ਨੇ ਕੀਤਾ ਕਾਬੂ
Publish Date: Fri, 20 Mar 2026 09:16 PM (IST)
Updated Date: Fri, 20 Mar 2026 09:19 PM (IST)
--ਕੁੱਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਰਿਹਾ ਹੋਇਆ ਸੀ ਮੁਲਜ਼ਮ, ਥਾਨਾ ਸਦਰ ’ਚ ਐੱਫਆਈਆਰ ਦਰਜ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਪਿੰਡ ਕੋਟ ਗੋਬਿੰਦਪੁਰ ਵੱਲੋਂ ਡੇਰੇ ਵਾਲੇ ਪਾਸੇ ਜਾ ਰਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਵੱਲੋਂ ਦਾਤਰ ਦਿਖਾ ਕੇ ਮੋਬਾਈਲ ਖੋਹ ਕੇ ਭੱਜੇ ਮੁਲਜ਼ਮ ਨੂੰ ਪੀਡ਼ਤ ਨੇ ਆਪਣੀ ਲੇਬਰ ਦੇ ਨਾਲ ਪਿੱਛਾ ਕਰਕੇ ਕਾਬੂ ਕਰ ਲਿਆ, ਜਿਸ ਨੂੰ ਸਾਇੰਸ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭੱਜਦੇ ਸਮੇਂ ਮੁਲਜ਼ਮ ਦਾ ਮੋਟਰਸਾਈਕਲ ਸਲਿਪ ਹੋਣ ਕਰਕੇ ਉਹ ਡਿੱਗ ਕੇ ਜ਼ਖਮੀ ਵੀ ਹੋ ਗਿਆ। ਉਥੇ ਹੀ ਥਾਨਾ ਸਦਰ ਦੀ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਉਸ ਪਾਸੋਂ ਲੁੱਟਿਆ ਹੋਇਆ ਮੋਬਾਈਲ ਬਰਾਮਦ ਕਰਨ ਦੇ ਨਾਲ ਵਾਰਦਾਤ ਵਿਚ ਵਰਤੇ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਹੈ। ਇਸਦੀ ਪੁਸ਼ਟੀ ਸਾਇੰਸ ਸਿਟੀ ਚੌਕੀ ਇੰਚਾਰਜ ਏਐੱਸਆਈ ਲਖਬੀਰ ਸਿੰਘ ਨੇ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਸਰਬਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਕੋਟ ਗੋਬਿੰਦਪੁਰ ਨੇ ਦੱਸਿਆ ਕਿ ਉਸਦੇ ਕੋਲ ਮੁਨੀਸ਼ ਕੁਮਾਰ ਪੁੱਤਰ ਕਾਰਤਕ ਮੂਲ ਨਿਵਾਸੀ ਪਿੰਡ ਖੈਰੇ, ਜ਼ਿਲ੍ਹਾ ਮਾਧੋਪੁਰ ਬਿਹਾਰ ਹਾਲ ਵਾਸੀ ਪਿੰਡ ਕੋਟ ਗੋਬਿੰਦਪੁਰ ਕੰਮ ਕਰਦਾ ਹੈ। ਕੱਲ ਵੀਰਵਾਰ ਦੁਪਹਿਰ ਮੁਨੀਸ਼ ਪਿੰਡ ਕੋਟ ਗੋਬਿੰਦਪੁਰ ਵੱਲੋਂ ਡੇਰੇ ਵਾਲੇ ਪਾਸੇ ਜਾ ਰਿਹਾ ਸੀ ਕਿ ਇਕ ਮੋਟਰਸਾਈਕਲ ਸਵਾਰ ਪਿੰਡ ਔਜਲੇ ਵੱਲੋਂ ਆਇਆ ਤੇ ਪਿੰਡ ਦੀ ਫਿਰਨੀ ’ਤੇ ਮੁਨੀਸ਼ ਦੇ ਮੋਟਰਸਾਈਕਲ ਦੇ ਅੱਗੇ ਮੋਟਰਸਾਈਕਲ ਲਗਾ ਕੇ ਦਾਤਰ ਦੇ ਜ਼ੋਰ ਉੱਤੇ ਮੋਬਾਇਲ ਖੋਹ ਕੇ ਫਰਾਰ ਹੋ ਗਿਆ। ਮੁਨੀਸ਼ ਨੇ ਲੇਬਰ ਦੀ ਮਦਦ ਨਾਲ ਉਸਦਾ ਪਿੱਛਾ ਕੀਤਾ ਤੇ ਕੁੱਝ ਦੂਰੀ ’ਤੇ ਉਸਨੂੰ ਦਬੋਚ ਲਿਆ। ਪੁੱਛਗਿਛ ਵਿਚ ਮੁਲਜ਼ਮ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵਲੀ ਨਿਵਾਸੀ ਪਿੰਡ ਅਹਿਮਦਪੁਰ ਦੱਸਿਆ। ਉਸਨੇ ਇਹ ਵੀ ਦੱਸਿਆ ਕਿ ਉਹ ਹਾਲ ਹੀ ਵਿਚ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਇਆ ਹੈ। ਪੀਡ਼ਤ ਨੇ ਦੱਸਿਆ ਕਿ ਮੁਲਜ਼ਮ ਨੂੰ ਸਾਇੰਸ ਸਿਟੀ ਚੌਕੀ ਦੇ ਇੰਚਾਰਜ ਏਐੱਸਆਈ ਲਖਬੀਰ ਸਿੰਘ ਦੇ ਹਵਾਲੇ ਕਰ ਦਿੱਤਾ। ਏਐੱਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਲੁੱਟਿਆ ਹੋਇਆ ਮੋਬਾਈਲ ਤੇ ਵਾਰਦਾਤ ਵਿਚ ਇਸਤੇਮਾਲ ਦਾਤਰ ਤੇ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ। ਅੱਜ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।