ਡੂੰਘੇ ਟੋਏ ’ਚ ਡਿੱਗਿਆ ਮੋਟਰਸਾਈਕਲ; ਚਾਰ ਗੰਭੀਰ ਜ਼ਖ਼ਮੀ
ਸੁਭਾਨਪੁਰ ਰੋਡ ’ਤੇ ਡੂੰਘੇ ਟੋਏ ਕਾਰਨ ਮੋਟਰਸਾਈਕਲ ਨਾਲ ਵਾਪਰਿਆ ਹਾਦਸਾ ; ਚਾਰ ਲੋਕ ਹੋਏ ਗੰਭੀਰ ਜ਼ਖਮੀ
Publish Date: Fri, 02 Jan 2026 08:50 PM (IST)
Updated Date: Fri, 02 Jan 2026 08:53 PM (IST)

ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ-ਸੁਭਾਨਪੁਰ ਰੋਡ ਤੇ ਸ਼ੁੱਕਰਵਾਰ ਦੁਪਹਿਰ ਨੂੰ ਇਕ ਸੜਕ ਹਾਦਸਾ ਵਾਪਰਿਆ, ਜਿਸ ’ਚ ਚਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਜਾ ਰਹੇ ਚਾਰ ਨੌਜਵਾਨ ਜਦੋਂ ਪਿੰਡ ਬਾਦਸ਼ਾਹਪੁਰ ਨੇੜੇ ਪਹੁੰਚੇ ਤਾਂ ਸੜਕ ’ਤੇ ਪਏ ਡੂੰਘੇ ਟੋਏ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਮੋਟਰਸਾਈਕਲ ਤਿਲਕ ਗਿਆ ਤੇ ਚਾਰੇ ਸਵਾਰ ਸੜਕ ਤੇ ਡਿੱਗ ਪਏ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਦੇਖ ਕੇ ਰਾਹਗੀਰ ਮੌਕੇ ਤੇ ਇਕੱਠੇ ਹੋ ਗਏ ਅਤੇ ਜ਼ਖਮੀਆਂ ਨੂੰ ਤੁਰੰਤ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਵਿਚ ਦਾਖਲ ਜ਼ਖ਼ਮੀਆਂ ਦੀ ਪਛਾਣ ਮਾਨਵ ਪੁੱਤਰ ਪਰਮਜੀਤ ਸਿੰਘ, ਅਮਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ, ਵਾਸੀ ਰੇਲਵੇ ਰੋਡ, ਕਪੂਰਥਲਾ, ਗਗਨਦੀਪ ਸਿੰਘ ਪੁੱਤਰ ਰਣਜੀਤ ਸਿੰਘ, ਵਾਸੀ ਮੁਹੱਲਾ ਆਰਫਵਾਲਾ, ਕਪੂਰਥਲਾ ਅਤੇ ਹਰਮਨਪ੍ਰੀਤ ਸਿੰਘ ਪੁੱਤਰ ਜੋਗਾ ਸਿੰਘ, ਵਾਸੀ ਰੇਲਵੇ ਰੋਡ, ਕਪੂਰਥਲਾ ਵਜੋਂ ਹੋਈ ਹੈ। ਇਸ ਦੌਰਾਨ, ਸਿਵਲ ਹਸਪਤਾਲ ਵਿਚ ਦਾਖਲ ਜ਼ਖਮੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਉਹ ਆਪਣੇ ਦੋਸਤਾਂ ਨਾਲ ਕਿਸੇ ਕੰਮ ਲਈ ਸੁਭਾਨਪੁਰ ਜਾ ਰਿਹਾ ਸੀ। ਜਦੋਂ ਉਹ ਪਿੰਡ ਬਾਦਸ਼ਾਹਪੁਰ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸੜਕ ਦੇ ਵਿਚਕਾਰ ਪਏ ਇਕ ਡੂੰਘੇ ਟੋਏ ਕਾਰਨ ਡਿੱਗ ਗਿਆ। ਉਹ ਸਾਰੇ ਸੜਕ ਤੇ ਡਿੱਗ ਪਏ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿਚੋਂ ਗਗਨਦੀਪ ਸਿੰਘ ਦੀ ਹਾਲਤ ਜ਼ਿਆਦਾ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।