ਮੈਡੀਕਲ ਕੈਂਪ ’ਚ 300 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾਂਚ
ਜੱਖੂ ਹਸਪਤਾਲ ਵੱਲੋਂ ਬੇਗਮਪੁਰਾ ਖਾਲਸਾ ਮਿਸ਼ਨ ਦੇ ਸਹਿਯੋਗ ਨਾਲ ਲਗਾਏ ਫਰੀ ਕੈਂਪ ’ਚ 300 ਤੋਂ ਵੱਧ ਮਰੀਜ਼ਾਂ ਦੀ ਹੋਈ ਜਾਂਚ
Publish Date: Sun, 11 Jan 2026 07:13 PM (IST)
Updated Date: Sun, 11 Jan 2026 07:15 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੱਖੂ ਹਸਪਤਾਲ ਚਾਹਲ ਨਗਰ ਫਗਵਾੜਾ ਵੱਲੋਂ ਬੇਗ਼ਮਪੁਰਾ ਖਾਲਸਾ ਮਿਸ਼ਨ ਦੇ ਸਹਿਯੋਗ ਨਾਲ ਬਾਪੂ ਪ੍ਰੀਤਮ ਚੰਦ ਜੱਖੂ ਜੀ, ਮਾਤਾ ਸ਼੍ਰੀਮਤੀ ਬਿਮਲਾ ਰਾਣੀ ਜੱਖੂ ਜੀ ਅਤੇ ਭਰਾ ਜਸਵਿੰਦਰ ਸਿੰਘ ਜੱਖੂ ਵੇਟ ਲਿਫ਼ਟਰ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ਾਲ ਫਰੀ ਮੈਡੀਕਲ ਚੈੱਕਅੱਪ ਅਤੇ ਫਿਜ਼ੀਓਥਰੈਪੀ ਕੈਂਪ ਜੱਖੂ ਹਸਪਤਾਲ ਚਾਹਲ ਨਗਰ ਫਗਵਾੜਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵਕ ਕਿਸ਼ੋਰ ਕੁਮਾਰ ਚਾਹਲ ਨੇ ਕੀਤਾ। ਇਸ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਸਾਈਂ ਬਲਕਾਰ ਸਾਬਰੀ ਗੱਦੀ ਨਸ਼ੀਨ ਸਰਬ ਸਾਂਝਾ ਦਰਬਾਰ ਚੁਸ਼ਮਾ ਸਰਕਾਰ, ਸਾਈਂ ਕਮਲੇਸ਼ ਸਾਬਰੀ, ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਅਤੇ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਸਰਪ੍ਰਸਤ ਪ੍ਰਿੰਸੀਪਲ ਕੇਵਲ ਸਿੰਘ ਸ਼ਾਮਲ ਹੋਏ। ਇਸ ਮੌਕੇ ਪ੍ਰਿੰਸੀਪਲ ਕੇਵਲ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਡਾ. ਹਰਜਿੰਦਰ ਸਿੰਘ ਜੱਖੂ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਉਣਾ ਬਹੁਤ ਹੀ ਉੱਤਮ ਕਾਰਜ ਹੈ, ਜਿਸ ਲਈ ਹਸਪਤਾਲ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਪ੍ਰਿੰਸੀਪਲ ਕੇਵਲ ਸਿੰਘ ਨੇ ਕਿਹਾ ਕਿ ਲੋੜਵੰਦ ਮਰੀਜ਼ਾਂ ਲਈ ਇਹੋ-ਜਿਹੇ ਕੈਂਪ ਕਾਫੀ ਲਾਹੇਵੰਦ ਹੁੰਦੇ ਹਨ, ਇਸ ਕਰਕੇ ਫਰੀ ਮੈਡੀਕਲ ਚੈੱਕਅੱਪ ਕੈਂਪਾਂ ਦੀ ਲੜੀ ਇਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀ ਹੈ ਅਤੇ ਇਸ ਵਿਚ ਹਰ ਇਕ ਇਨਸਾਨ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਹਸਪਤਾਲ ਦੇ ਪ੍ਰਮੁੱਖ ਡਾ. ਹਰਜਿੰਦਰ ਸਿੰਘ ਜੱਖੂ ਐੱਮਡੀ ਜੱਖੂ ਹੈਲਥ ਕੇਅਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੱਖੂ ਹਸਪਤਾਲ ਵੱਲੋਂ ਜਿਥੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਦੀ ਲੜੀ ਨਿਰੰਤਰ ਜਾਰੀ ਹੈ, ਉਥੇ ਹੀ ਹਰ ਸਾਲ ਮੇਰੇ ਵੱਲੋਂ ਆਪਣੇ ਮਾਤਾ-ਪਿਤਾ ਅਤੇ ਭਰਾ ਦੀ ਨਿੱਘੀ ਯਾਦ ਵਿਚ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਡਾ. ਜੱਖੂ ਨੇ ਕਿਹਾ ਕਿ ਜੱਖੂ ਹਸਪਤਾਲ ਵੱਲੋਂ ਮਾਨਵਤਾ ਦੇ ਭਲੇ ਲਈ ਇਸ ਤਰ੍ਹਾਂ ਦੇ ਕਾਰਜ ਨਿਰੰਤਰ ਜਾਰੀ ਰਹਿਣਗੇ। ਕੈਂਪ ਦੌਰਾਨ ਜੱਖੂ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 300 ਤੋਂ ਵਧੇਰੇ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਤੇ ਪ੍ਰੀਤ ਲੈਬ ਸਰਹਾਲੀ ਵੱਲੋਂ ਸੁਰਿੰਦਰ ਸਿੰਘ ਜੱਖੂ ਦੀ ਅਗਵਾਈ ’ਚ ਸਾਰੇ ਲੈਬ ਟੈਸਟ ਮੁਫ਼ਤ ਕੀਤੇ ਗਏ। ਇਸ ਮੌਕੇ ਹੈਪੀ ਕੌਲ ਸਟੇਟ ਕੋਆਰਡੀਨੇਟਰ, ਅਸ਼ਵਨੀ ਬਘਾਣੀਆ ਜ਼ਿਲ੍ਹਾ ਪ੍ਰਧਾਨ, ਸੰਜੀਵ ਮੂਲਨਿਵਾਸੀ, ਗੁਰਦੀਪ ਕੁਮਾਰ ਗੁਰਾਇਆ, ਲਵੀ ਪੰਚ, ਕੁਲਵਿੰਦਰ ਬਾਲਾਲੋਂ, ਸੁਰੇਸ਼ ਸਲਹੋਤਰਾ, ਗੁਰਦਿਆਲ ਸਿੰਘ ਮਾਨਾਂਵਾਲੀ, ਪਵਨ ਮੱਲ ਤੋਂ ਇਲਾਵਾ ਸਿਮਰਨਜੀਤ ਕੌਰ ਸਟਾਫ ਸੁਪਰਵਾਈਜ਼ਰ, ਮੈਡਮ ਮਨਜੀਤ ਕੌਰ, ਨਿਰਮਲ ਸਿੰਘ ਚਾਚੋਵਾਲ, ਅੰਜਲੀ ਰਾਜਪੂਤ, ਪੂਜਾ ਅੰਬੇਡਕਰੀ, ਗੁਰਪ੍ਰੀਤ ਸਮਰਾਏ, ਪਰਮਜੀਤ ਜੱਖੂ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਹਾਜ਼ਰ ਸਨ।