ਕਪੂਰਥਲਾ ਜ਼ਿਲ੍ਹੇ ’ਚ 50 ਪੁਲਿਸ ਪਾਰਟੀਆਂ ਵੱਲੋਂ 500 ਥਾਵਾਂ ’ਤੇ ਛਾਪੇ, 37 ਗ੍ਰਿਫਤਾਰ : ਐੱਸਐੱਸਪੀ ਤੂਰਾ
ਜਲੰਧਰ ਰੇਂਜ ਅਧੀਨ 200 ਪੁਲਿਸ ਪਾਰਟੀਆਂ ਵਲੋਂ 2 ਹਜ਼ਾਰ ਤੋਂ ਵੱਧ ਰੇਡਸ, 100 ਤੋਂ ਵੱਧ ਕੀਤੇ ਕਾਬੂ-ਨਵੀਨ ਸਿੰਘਲਾ
Publish Date: Mon, 09 Feb 2026 08:42 PM (IST)
Updated Date: Mon, 09 Feb 2026 08:44 PM (IST)

-ਪੁਲਿਸ ਨੇ ਠੰਡੀ ਸੜਕ ਤੋਂ ਮੇਨ ਬੱਸ ਸਟੈਂਡ ਗੇਟ ਤੱਕ ਕੱਢਿਆ ਮਾਰਚ ਪਾਸਟ -ਜਲੰਧਰ ਰੇਂਜ ਅਧੀਨ 2 ਹਜ਼ਾਰ ਤੋਂ ਵੱਧ ਰੇਡਸ ਮਾਰੀਆਂ ਗਈਆਂ : ਨਵੀਨ ਸਿੰਘਲਾ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਤੇ ਐੱਸਐੱਸਪੀ ਗੌਰਵ ਤੂਰਾ ਨੇ ਠੰਢੀ ਸੜਕ, ਕਚਹਿਰੀ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਸੱਤ ਨਾਰਾਇਣ ਬਾਜ਼ਾਰ ਤੋਂ ਹੁੰਦੇ ਹੋਏ ਮੇਨ ਬਸ ਸਟੈਂਡ ਦੇ ਗੇਟ ਤੱਕ ਮਾਰਚ ਪਾਸਟ ਕੀਤਾ। ਇਸ ਦੌਰਾਨ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਨੇ ਕਿਹਾ ਕਿ ਜਲੰਧਰ ਰੇਂਜ ਵਿਚ 200 ਤੋਂ ਵੱਧ ਪੁਲਿਸ ਪਾਰਟੀਆਂ ਡਿਸਪੈਚ ਕਰਕੇ 2000 ਪਲੱਸ ਦੇ ਕਰੀਬ ਅਸੀਂ ਰੇਡਸ ਕੀਤੀਆਂ, ਜਿਸ ਵਿਚੋਂ ਕਿ 500 ਤੋਂ ਵੱਧ ਕਪੂਰਥਲਾ ਜ਼ਿਲ੍ਹੇ ‘ਚ ਕੀਤੀਆਂ ਗਈਆਂ ਅਤੇ 600 ਦੇ ਕਰੀਬ ਕ੍ਰਿਮੀਨਲ ਤੇ ਉਨ੍ਹਾਂ ਦੇ ਸ਼ੱਕੀ ਸਾਥੀ, ਗੈਂਗਸਟਰ, ਟਰੈਵਲ ਏਜੰਟਸ, ਭਗੌੜੇ ਤੇ ਹੋਰ ਸ਼ਰਾਰਤੀ ਅੰਸਰ ਅਰੈਸਟ ਕੀਤੇ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਪ੍ਰਹਾਰ 2.0 ਦੀ ਗੱਲ ਕਰੀਏ ਤਾਂ ਜ਼ਿਲ੍ਹਾ ਕਪੂਰਥਲਾ ਵਿਚ ਸਵੇਰੇ 50 ਪਾਰਟੀਜ਼ ਨੂੰ ਡਿਸਪੈਚ ਕਰਕੇ ਸਰਚ ਆਪ੍ਰੇਸ਼ਨ ਸੁਰੂ ਕੀਤਾ ਗਿਆ, ਜਦਕਿ ਜਲੰਧਰ ਰੇਂਜ ਅਧੀਨ ਜ਼ਿਲ੍ਹਿਆਂ ਵਿਚ 200 ਦੇ ਕਰੀਬ ਸਰਚ ਪਾਰਟੀਆਂ ਨੇ ਅਭਿਆਨ ਚਲਾਇਆ ਤੇ ਹੁਣ ਤੱਕ ਰਿਪੋਰਟ ਅਨੁਸਾਰ 150 ਤੋਂ ਵੱਧ ਜਲੰਧਰ ਰੇਂਜ ਅਧੀਨ ਅਪਰਾਧੀਆਂ ਨੂੰ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਵਿਚ 3 ਭਗੋੜੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਪ੍ਰਹਾਰ 2.0 ਅਗਲੇ 72 ਘੰਟੇ ਤੱਕ ਚੱਲੇਗਾ। ਇਹ ਆਪ੍ਰੇਸ਼ਨ ਜ਼ਿਲ੍ਹਿਆਂ ਦੇ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ‘ਤੇ ਵੀ ਜਾਰੀ ਰਹੇਗਾ। ਇਸ ਤੋਂ ਇਲਾਵਾ ਰਾਤ ਦੇ ਸਮੇਂ ਵੀ ਸਰਚ ਆਪ੍ਰੇਸ਼ਨ ਚਲਾਏ ਜਾਣਗੇ ਤੇ ਨਾਕਾਬੰਦੀ ਦੌਰਾਨ ਗੱਡੀਆਂ ਦੀ ਤਲਾਸ਼ੀ ਲਈ ਜਾਵੇਗੀ। ਰਿਕਵਰੀ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਤਿੰਨ ਦੇਸੀ ਵੈਪਨ ਵੀ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਜ਼ਿਲ੍ਹੇ ਦੇ ਵਿਚ 50 ਪਾਰਟੀਆਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਵੱਲੋਂ ਵੱਖ-ਵੱਖ 121 ਥਾਵਾਂ ‘ਤੇ ਰੇਡ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 75 ਤੋਂ ਵੱਧ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕਰਕੇ 37 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਪ੍ਰਹਾਰ 2.0 ਅਗਲੇ ਤਿੰਨ ਦਿਨ ਜਾਰੀ ਰਹੇਗਾ ਤੇ ਪੁਲਿਸ ਪਾਰਟੀਆਂ ਵੱਲੋਂ ਰਾਤ ਦੇ ਸਮੇਂ ਵੀ ਗਸ਼ਤ ਜਾਰੀ ਰਹੇਗੀ।