ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਹੋਈ ਮਹੀਨਾਵਾਰ ਮੀਟਿੰਗ
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਦੀ ਹੋਈ ਮਹੀਨਾਵਾਰ ਮੀਟਿੰਗ
Publish Date: Fri, 06 Feb 2026 07:07 PM (IST)
Updated Date: Fri, 06 Feb 2026 07:11 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਮਿਸ਼ਨ ਮੰਡਲ ਫਗਵਾੜਾ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਹੰਸ ਰਾਜ ਦੀ ਅਗਵਾਈ ਹੇਠ ਸ੍ਰੀ ਗੀਤਾ ਭਵਨ ਮੰਦਰ ਮਾਡਲ ਟਾਊਨ ਫਗਵਾੜਾ ਵਿਖੇ ਕੀਤੀ ਗਈ, ਜਿਸ ਵਿਚ ਕਾਫੀ ਪੈਨਸ਼ਨਰਜ਼ ਸਾਥੀਆਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਅਵਤਾਰ ਸਿੰਘ ਪ੍ਰੈੱਸ ਸਕੱਤਰ ਸਰਕਲ ਜਲੰਧਰ ਦੀ ਪਤਨੀ ਤੇ ਭੈਣ ਤੇ ਧਨੀ ਰਾਮ ਜੀ ਦੀ ਦੋਹਤੀ ਦੀ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਦੱਸਿਆ ਗਿਆ ਕਿ 5/1/2026 ਨੂੰ ਮੰਡਲ ਫਗਵਾੜਾ ਦੇ ਪੈਨਸ਼ਨਰਜ਼, ਸਾਥੀਆਂ ਨੇ 16/1/2026 ਨੂੰ ਜਲੰਧਰ ਸਰਕਲ ਵਿਚ ਜਾ ਕੇ ਧਰਨਾ ਦਿੱਤਾ, ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਸਾਥੀ ਧਰਨੇ ਵਿਚ ਸ਼ਾਮਲ ਹੋਏ ਤੇ ਬਾਅਦ ਵਿਚ ਡੀਸੀ ਜਲੰਧਰ ਨੂੰ ਮੰਗ ਪੱਤਰ ਸੌਂਪਿਆ ਗਿਆ। ਜਲੰਧਰ ਸਰਕਲ ਪ੍ਰਧਾਨ ਸ੍ਰੀ ਰਾਮ ਜੱਗੀ, ਆਪਣੇ ਸਾਥੀਆਂ ਨਾਲ ਉਚੇਚੇ ਤੌਰ ’ਤੇ ਮੰਡਲ ਫਗਵਾੜਾ ਦੀ ਮੀਟਿੰਗ ਵਿਚ ਸ਼ਾਮਲ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਲਾਗੂ ਕੀਤੀਆਂ ਜਾ ਰਹੀ ਲੋਕ ਵਿਰੋਧੀ ਨੀਤੀਆਂ ਕਾਰਨ ਪਾਵਰਕਾਮ ਪੈਨਸ਼ਨਰਜ਼, ਮੁਲਾਜ਼ਮਾਂ ਤੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ। ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਜਾ ਰਹੀ ਹੈ। ਸਰਕਾਰੀ ਤੇ ਬਿਜਲੀ ਬੋਰਡ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆ ਨੂੰ ਵੇਚਣ ਵਾਲੇ ਪਾਸੇ ਨੂੰ ਜਾ ਰਹੀ ਹੈ। ਕੇਂਦਰ ਸਰਕਾਰ ਬਿਜਲੀ ਐਕਟ 2025 ਤੇ 4 ਲੇਬਰ ਕਾਨੂੰਨ ਲਾਗੂ ਕਰਕੇ ਮੁਲਾਜ਼ਮਾਂ ਤੇ ਮਜ਼ਦੂਰਾਂ ਦਾ ਘਾਣ ਕਰਨ ਜਾ ਰਹੀ ਹੈ। ਸਰਕਾਰ ਤੇ ਪਾਵਰਕਾਮ ਦੀਆਂ ਕੋਝੀਆਂ ਚਾਲਾਂ ਤੋਂ ਅੱਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਧੜ੍ਹੇ ਵੱਲੋਂ 12/2/26 ਨੂੰ ਮੁਲਾਜ਼ਮਾਂ ਦੀ ਹੜਤਾਲ ਵਿਚ ਪੈਨਸ਼ਨਰ ਸ਼ਾਮਲ ਹੋਣਗੇ। ਇਸ ਮੌਕੇ ਹਰਦੀਪ ਸਿੰਘ, ਸੁਮਨ ਲਤਾ, ਸੁਰਿੰਦਰ ਸਿੰਘ ਸਹਿ ਸਕੱਤਰ ਸਰਕਲ ਜਲੰਧਰ, ਜਸਵੀਰ ਸਿੰਘ ਪ੍ਰਧਾਨ ਟੀਐੱਸਯੂ ਦੇ ਬੁਲਾਰੇ ਸਾਥੀਆਂ ਨੇ ਮੀਟਿੰਗ ਵਿਚ ਭਾਗ ਲਿਆ ਤੇ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਵਿਚ ਹੰਸ ਰਾਜ ਪ੍ਰਧਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਆਏ ਹੋਏ ਸੱਜਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਜਸਵੰਤ ਵਸ਼ਿਸ਼ਟ ਵੱਲੋਂ ਨਿਭਾਈ ਗਈ।