ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਇਕੱਤਰਤਾ
ਬਲਾਕ ਭੁਲੱਥ ਦੀ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Fri, 17 Apr 2026 07:33 PM (IST)
Updated Date: Fri, 17 Apr 2026 07:36 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਬਲਾਕ ਭੁਲੱਥ ਦੀ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪ੍ਰਧਾਨ ਗੁਰਬਚਨ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਹੋਈ। ਇਸ ਵਿਚ ਪੈਨਸ਼ਨਰਜ਼ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਕੀਤੀ ਗਈ। ਇਸ ਮੌਕੇ ਪੈਨਸ਼ਨਰਜ਼ ਵੱਲੋਂ ਮਾਣਯੋਗ ਹਾਈਕੋਰਟ ਦੇ ਜੱਜ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਮੁਲਜ਼ਮਾਂ ਦੇ ਹੱਕ ਵਿੱਚ ਡੀਏ ਦੇ ਬਕਾਏ ਦਾ ਫੈਸਲਾ ਸੁਣਾਇਆ ਹੈ ਅਤੇ ਸਰਕਾਰ ਦੀ ਇਸ ਪੱਖੋਂ ਨਿਖੇਧੀ ਕਰਦਿਆਂ ਫ਼ਿਟਕਾਰ ਲਾਈ ਹੈ। ਸਰਕਾਰ ਸਮਾਜ ਦੇ ਬਾਕੀ ਵਰਗਾਂ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹੀ ਜਾਂ ਰਹੀ ਹੈ ਪਰ ਪੈਨਸ਼ਨਰਜ਼ ਅਤੇ ਮੁਲਜ਼ਮਾਂ ਦੇ ਬਕਾਏ ਵਾਸਤੇ ਚੁੱਪ ਧਾਰੀ ਬੈਠੀ ਹੈ। ਪੈਨਸ਼ਨਰਜ਼ ਵੱਲੋਂ ਉਨ੍ਹਾਂ ਰਾਜਨੀਤਿਕ ਲੀਡਰਾਂ ਦਾ ਧੰਨਵਾਦ ਕੀਤਾ ਗਿਆ, ਜਿਹੜੇ ਮੁਲਜ਼ਮਾਂ ਦੇ ਹੱਕ ਵਿੱਚ ਆਵਾਜ਼ ਚੁੱਕ ਰਹੇ ਹਨ ਅਤੇ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਇਹ ਸਰਕਾਰ 4 ਸਾਲਾਂ ਤੋਂ ਦਾਅਵਾ ਕਰ ਰਹੀ ਹੈ ਕਿ ਖਜ਼ਾਨਾ ਭਰਿਆ ਹੋਇਆ ਹੈ, ਜੇਕਰ ਖਜ਼ਾਨਾ ਭਰਿਆ ਹੋਇਆ ਹੈ ਫਿਰ ਮੁਲਜ਼ਮਾਂ ਨੂੰ ਵਿੱਤੀ ਲਾਭ ਦੇਣ ਤੋਂ ਸ਼ਰਮ ਕਿਉਂ ਮਹਿਸੂਸ ਕਰ ਰਹੀ ਹੈ। ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਟਾਲ-ਮਟੋਲ ਦੀ ਨੀਤੀ ਛੱਡ ਕੇ ਪੈਨਸ਼ਨਰਜ਼ ਅਤੇ ਮੁਲਜ਼ਮਾਂ ਨੂੰ ਬਕਾਇਆ ਮੁਸ਼ਤ ਦੇਣ ਦਾ ਆਰਡਰ ਕਰੇ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਮੁਲਾਜ਼ਮਾਂ ਦਾ ਗੁੱਸਾ ਸਹਿਣ ਕਰਨ ਲਈ ਤਿਆਰ ਰਹੇ। ਇਸ ਮੌਕੇ ਡੀਡੀਓਜ਼ ਨੂੰ ਅਪੀਲ ਕੀਤੀ ਕਿ ਉਹ ਮੁਲਜ਼ਮਾਂ ਦਾ ਬਕਾਇਆ ਸਮੇਂ ਸਿਰ ਕਢਵਾਉਣ ਦਾ ਉਪਰਾਲਾ ਕਰਨ ਅਤੇ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਪੱਤਰ ਜਾਰੀ ਕਰ ਦਿੱਤੇ ਹਨ। ਇਸ ਮੌਕੇ ਟਰੰਪ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਈਰਾਨ ਨਾਲ ਪੱਕਾ ਸਮਝੌਤਾ ਕਰ ਕੇ ਸੰਸਾਰ ਵਿੱਚ ਸ਼ਾਂਤੀ ਬਹਾਲ ਕਰੇ। ਇਸ ਮੌਕੇ ਬਲਾਕ ਪ੍ਰਧਾਨ ਗੁਰਬਚਨ ਸਿੰਘ ਚੀਮਾ, ਸਕੱਤਰ ਲਖਵੀਰ ਸਿੰਘ, ਕੈਸ਼ੀਅਰ ਮੱਖਣ ਸਿੰਘ, ਜੁਆਇੰਟ ਸਕੱਤਰ ਡਾ. ਮੱਖਣ ਸਿੰਘ, ਮਲਵਿੰਦਰ ਸਿੰਘ ਸਿੱਧੂ, ਪ੍ਰੈੱਸ ਸਕੱਤਰ ਜਸਵੰਤ ਵਿਰਲੀ, ਸੀਨੀਅਰ ਮੀਤ ਪ੍ਰਧਾਨ ਬੀਰ ਸਿੰਘ, ਬਲਵਿੰਦਰ ਸਿੰਘ ਬਰਿਆਰ, ਗੌਰੀ ਸ਼ੰਕਰ, ਸੁਰਿੰਦਰ ਸਿੰਘ ਸ਼ਾਹੀ, ਜੋਗਿੰਦਰ ਸਿੰਘ, ਹਰਜੀਤ ਸਿੰਘ, ਸਵਰਨ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ ਬੱਲ, ਕਰਨੈਲ ਸਿੰਘ, ਜਾਪ ਸਿੰਘ, ਕਰਮ ਸਿੰਘ, ਸੁਖਵੰਤ ਸਿੰਘ ਕੰਗ, ਚਰਨ ਸਿੰਘ, ਸ਼ੀਸ਼ਨ ਸਿੰਘ, ਸਾਈਂ ਦਾਸ ਅਤੇ ਹੋਰ ਹਾਜ਼ਰ ਸਨ।