ਡੀਏਵੀ ਕਾਲਜ ਫਗਵਾੜਾ ’ਚ ਮਹਿਲਾ ਦਿਵਸ ’ਤੇ ਸੈਮੀਨਾਰ ਕਰਾਇਆ
ਮੋਹਨ ਲਾਲ ਉੱਪਲ ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਮਹਿਲਾ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ
Publish Date: Sat, 07 Mar 2026 06:58 PM (IST)
Updated Date: Sat, 07 Mar 2026 07:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੋਹਨ ਲਾਲ ਉੱਪਲ ਡੀਏਵੀ ਕਾਲਜ ਫਗਵਾੜਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਪ੍ਰੇਰਣਾਦਾਇਕ ਸਮਾਗਮ ਪ੍ਰਿੰਸੀਪਲ ਡਾ. ਕਿਰਨਜੀਤ ਰੰਧਾਵਾ ਦੀ ਯੋਗ ਅਗਵਾਈ ਹੇਠ ਉਤਸ਼ਾਹ ਤੇ ਗੰਭੀਰਤਾ ਨਾਲ ਸੰਪੰਨ ਹੋਇਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿਚ ਆਤਮ ਵਿਸ਼ਵਾਸ਼, ਸਸ਼ਕਤੀਕਰਨ ਤੇ ਸਮਾਜ ਵਿਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਸੈਮੀਨਾਰ ਦੌਰਾਨ ਵਿਦਿਆਰਥਣਾਂ ਵੱਲੋਂ ਕਵਿਤਾਵਾਂ ਤੇ ਭਾਸ਼ਣ ਪੇਸ਼ ਕੀਤੇ ਗਏ, ਜਿਨ੍ਹਾਂ ਰਾਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸ ਤੇ ਇਸ ਦੀ ਮੱਹਤਤਾ ਨਾਲ ਹਾਜ਼ਰੀਨ ਨੂੰ ਜਾਣੂ ਕਰਵਾਇਆ। ਕਵਿਤਾ ਤੇ ਭਾਸ਼ਣ ਰਾਹੀਂ ਮਹਿਲਾਵਾਂ ਦੇ ਸੰਘਰਸ਼, ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਡਾ. ਪਰਮਵੀਰ ਕੌਰ ਰੰਧਾਵਾ, ਡਾ. ਰੇਨੂੰ ਗੁਪਤਾ, ਡਾ. ਸੁਮੇਲ ਬਾਠ ਤੇ ਡਾ. ਟੀਐੱਸ ਰੰਧਾਵਾ ਨੇ ਆਨਲਾਈਨ ਮਾਧਿਅਮ ਰਾਹੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਮਹਿਲਾ ਸਸ਼ਕਤੀਕਰਨ ਦੇ ਮਹੱਤਵ ’ਤੇ ਚਾਨਣਾ ਪਾਇਆ। ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਡਾ. ਰੰਧਾਵਾ ਨੇ ਕਿਹਾ ਕਿ ਔਰਤਾਂ ਦੀ ਸਿੱਖਿਆ ਤੇ ਆਤਮ ਨਿਰਭਰਤਾ ਸਮਾਜ ਦੀ ਤਰੱਕੀ ਦਾ ਅਹਿਮ ਆਧਾਰ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਲਕਸ਼ ਪ੍ਰਤੀ ਦ੍ਰਿੜ ਨਿਸ਼ਚੇ ਨਾਲ ਅੱਗੇ ਵਧਣ ਤੇ ਜੀਵਨ ਦੇ ਹਰ ਖੇਤਰ ਵਿਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨ।