ਮੁਹੱਲਾ ਕਾਜ਼ੀਬਾਗ ’ਚ ਨਵੀਂ ਵਾਟਰ ਲਾਈਨ ਦਾ ਵਿਧਾਇਕ ਨੇ ਕੀਤਾ ਉਦਘਾਟਨ
ਮੁਹੱਲਾ ਕਾਜੀਬਾਗ ਵਿੱਚ ਨਵੀਂ ਪਈ ਵਾਟਰ ਸਪਲਾਈ ਦਾ ਵਿਧਾਇਕ ਰਾਣਾ ਨੇ ਕੀਤਾ ਉਦਘਾਟਨ
Publish Date: Tue, 17 Feb 2026 06:58 PM (IST)
Updated Date: Tue, 17 Feb 2026 07:00 PM (IST)

ਲੋਕਾਂ ਦਾ ਵਿਸ਼ਵਾਸ ਮੇਰੀ ਸਭ ਤੋਂ ਵੱਡੀ ਤਾਕਤ : ਰਾਣਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮੁਹੱਲਾ ਕਾਜ਼ੀਬਾਗ ਦੇ ਵਾਸੀਆਂ ਨੂੰ ਅੱਜ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਕਈ ਸਾਲਾਂ ਤੋਂ ਸਾਫ਼ ਪੀਣਯੋਗ ਪਾਣੀ ਦੀ ਕਮੀ ਨਾਲ ਜੂਝ ਰਹੇ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਆਖ਼ਿਰਕਾਰ ਅੱਜ ਪੂਰੀ ਹੋ ਗਈ, ਜਦੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੁਹੱਲਾ ਕਾਜ਼ੀਬਾਗ ’ਚ ਨਵੀਂ ਪਈ ਵਾਟਰ ਸਪਲਾਈ ਦਾ ਉਦਘਾਟਨ ਕੀਤਾ। ਉਦਘਾਟਨ ਸਮਾਗਮ ਦੌਰਾਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੁਹੱਲਾ ਕਾਜ਼ੀਬਾਗ ਦੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਮੇਰੀ ਪਹਿਲਾ ਹੈ। ਉਨ੍ਹਾਂ ਕਿਹਾ ਕਿ ਪਾਣੀ ਹਰ ਮਨੁੱਖ ਦੀ ਬੁਨਿਆਦੀ ਲੋੜ ਹੈ ਤੇ ਇਹ ਕਿਸੇ ਵੀ ਇਲਾਕੇ ਦੇ ਵਿਕਾਸ ਦੀ ਨੀਂਹ ਹੈ। ਮੈਨੂੰ ਪਤਾ ਸੀ ਕਿ ਪੁਰਾਣੀ ਪਾਈਪਲਾਈਨ ਕਈ ਜਗ੍ਹਾ ਤੋਂ ਟੁੱਟ ਗਈ ਸੀ, ਜਿਸ ਕਾਰਨ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਲੋਕਾਂ ਦੇ ਘਰਾਂ ’ਚ ਆ ਰਿਹਾ ਹੈ, ਜਿਸ ਕਾਰਨ ਲੋਕ ਕਾਫੀ ਸਮੇਂ ਤੋਂ ਪਰੇਸ਼ਾਨ ਸਨ। ਇਸ ਲਈ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਅੰਦਰੂਨੀ ਹਿੱਸੇ ਵਿਚ 20 ਕਰੋੜ ਰੁਪਏ ਦੀ ਲਾਗਤ ਦੇ 28 ਕਿਲੋਮੀਟਰ ਨਵੀਂ ਪੀਣ ਵਾਲੀ ਪਾਈਪ ਲਾਈਨ ਪਾਉਣ ਦੇ ਪ੍ਰੋਜੈਕਟ ਨੂੰ ਤਰਜੀਹ ਦੇ ਕੇ ਪਾਸ ਕਰਵਾਇਆ ਤੇ ਹੁਣ ਨਿਰਧਾਰਤ ਸਮੇਂ ’ਤੇ ਇਸ ਦਾ ਕੰਮ ਸ਼ਹਿਰ ਦੇ ਕਈ ਮੁਹੱਲਿਆਂ ਵਿਚ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 16 ਕਿਲੋਮੀਟਰ ਤੱਕ ਨਵੀਂ ਪਾਈਪ ਲਾਈਨ ਪੈ ਚੁੱਕੀ ਹੈ ਤੇ ਜਿਹੜੀਆਂ ਸੜਕਾਂ ਪਾਈਪ ਲਾਈਨ ਪਾਉਣ ਸਮੇਂ ਪੁੱਟੀਆਂ ਗਈਆਂ ਸਨ, ਉਹ ਵੀ ਬਣਾਈਆਂ ਜਾਣਗੀਆਂ, ਜਿਸ ਦਾ ਕੰਮ ਵੀ ਜਲਦ ਹੀ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਸਿਰਫ਼ ਵਾਅਦੇ ਕਰਨਾ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਵਿਕਾਸ ਕਰਨਾ ਹੈ। ਇਲਾਕੇ ਵਿਚ ਹੋਰ ਬੁਨਿਆਦੀ ਸਹੂਲਤਾਂ ਜਿਵੇਂ ਸੜਕਾਂ, ਸੀਵਰੇਜ ਤੇ ਸਟਰੀਟ ਲਾਈਟਾਂ ਦੇ ਕੰਮ ਵੀ ਜਲਦ ਮੁਕੰਮਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਮੇਰੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਮੌਜੂਦ ਵਾਰਡ ਵਾਸੀ ਜਗਜੀਤ ਸਿੰਘ ਪੰਛੀ, ਗੁਰਮੀਤ ਸਿੰਘ ਪੰਛੀ, ਕਰਨ ਚੌਹਾਨ, ਪ੍ਰਿੰ. ਮੋਹਨ ਸਿੰਘ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਨਵੀਂ ਵਾਟਰ ਸਪਲਾਈ ਨਾਲ ਹੁਣ ਹਰ ਘਰਾਂ ਤੱਕ ਸਾਫ਼ ਪਾਣੀ ਪਹਿਲ ਦੇ ਆਧਾਰ ’ਤੇ ਪਹੁੰਚੇਗਾ, ਜਿਸ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਮਿਲੇਗੀ। ਵਾਰਡ ਵਾਸੀਆਂ ਨੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਕੌਸਲਰ ਪਵਨ ਕਨੌਜੀਆ, ਸੰਗਮ ਚੀਮਾ, ਦਿਲਾਵਰ ਸਿੰਘ ਪੰਛੀ, ਤਜਿੰਦਰ ਸਿੰਘ, ਰਾਜਾ ਪੰਛੀ, ਵਰੁਣ ਚਾਵਲਾ, ਸੁਰਜੀਤ ਸਿੰਘ ਬਿੱਟੂ, ਜਗਦੀਸ਼ ਸਿੰਘ, ਵਿਪੁਲ ਚੌਹਾਨ, ਹਰਪ੍ਰੀਤ ਸਿੰਘ ਰਾਜਾ, ਗੁਰਪ੍ਰੀਤ ਸਿੰਘ ਗੋਪੀ, ਅਮਰਜੀਤ ਸਿੰਘ ਬਾਗੂ, ਸੋਨੂੰ ਆਦਿ ਮੌਜੂਦ ਸਨ।