ਵਿਧਾਇਕ ਧਾਲੀਵਾਲ ਨੇ ਵਿਧਾਨ ਸਭਾ ‘ਚ ਚੁੱਕਿਆ ਬੰਗਾ ਰੋਡ ਦੀ ਮਾੜੀ ਹਾਲਤ ਦਾ ਮੁੱਦਾ
ਵਿਧਾਇਕ ਧਾਲੀਵਾਲ ਨੇ ਵਿਧਾਨਸਭਾ ‘ਚ ਚੁੱਕਿਆ ਬੰਗਾ ਰੋਡ ਦੀ ਮਾੜੀ ਹਾਲਤ ਦਾ ਮੁੱਦਾ
Publish Date: Thu, 12 Mar 2026 07:25 PM (IST)
Updated Date: Thu, 12 Mar 2026 07:27 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਆਪਣੇ ਹਲਕੇ ਨਾਲ ਸਬੰਧਤ ਬੰਗਾ ਰੋਡ ਸੜਕ ਦੀ ਖਸਤਾ ਹਾਲਤ ਦਾ ਅਹਿਮ ਮੁੱਦਾ ਹਾਊਸ ਵਿਚ ਉਠਾਇਆ। ਉਨ੍ਹਾਂ ਕਿਹਾ ਕਿ ਬੰਗਾ ਰੋਡ ਫਗਵਾੜਾ ਬੱਸ ਸਟੈਂਡ ਤੋਂ ਮੇਹਲੀ ਬਾਈਪਾਸ ਤੱਕ ਲਗਭਗ 4 ਕਿਲੋਮੀਟਰ ਲੰਬੀ ਸੜਕ ਦੀ ਹਾਲਤ ਕਾਫੀ ਸਮੇਂ ਤੋਂ ਬਹੁਤ ਮਾੜੀ ਹੈ ਤੇ ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਮਸਲਾ ਲਗਾਤਾਰ ਉਠਾਇਆ ਜਾ ਰਿਹਾ ਹੈ ਪਰ ਅਜੇ ਤੱਕ ਇਸ ਸੜਕ ਦੀ ਮੁੜ ਉਸਾਰੀ ਤਾਂ ਦੂਰ ਢੰਗ ਨਾਲ ਮੁਰੰਮਤ ਵੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਦਿਵਾਲੀ ਤੋਂ ਬਾਅਦ ਮਨਾਏ ਜਾਣ ਵਾਲੇ ਭਗਵਾਨ ਵਿਸ਼ਵਕਰਮਾ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਇਸ ਰਸਤੇ ਰਾਹੀਂ ਆਉਂਦੇ ਹਨ ਤੇ ਸੜਕ ਦੀ ਖਰਾਬ ਹਾਲਤ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਧਾਲੀਵਾਲ ਨੇ ਸਪੀਕਰ ਰਾਹੀਂ ਪੰਜਾਬ ਸਰਕਾਰ ਨੂੰ ਦੱਸਿਆ ਕਿ ਪਿਛਲੇ ਸਾਲ ਸ਼੍ਰੀ ਵਿਸ਼ਵਕਰਮਾ ਮਹਾਂਉਤਸਵ ਤੋਂ ਪਹਿਲਾਂ ਸੜਕ ਦੀ ਹਾਲਤ ਇੰਨੀ ਮਾੜੀ ਸੀ ਕਿ ਉਨ੍ਹਾਂ ਨੇ ਨਿੱਜੀ ਖਰਚੇ ਨਾਲ ਸੜਕ ਦਾ ਪੈਚਵਰਕ ਕਰਵਾਇਆ ਤਾਂ ਜੋ ਸੰਗਤ ਨੂੰ ਰਾਹਤ ਮਿਲ ਸਕੇ। ਉਨ੍ਹਾਂ ਨੇ ਪੀਡਬਲਯੂਡੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਬੰਗਾ ਰੋਡ ਫਗਵਾੜਾ ਬੱਸ ਸਟੈਂਡ ਤੋਂ ਮੇਹਲੀ ਬਾਈਪਾਸ ਤੱਕ ਦੀ ਸੜਕ ਦੀ ਜਲਦ ਤੋਂ ਜਲਦ ਮੁੜ ਉਸਾਰੀ ਕਰਵਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਵਿਧਾਨਸਭਾ ਦੀ ਕਾਰਵਾਈ ਤੋਂ ਬਾਅਦ ਵਿਧਾਇਕ ਧਾਲੀਵਾਲ ਨੇ ਚੰਡੀਗੜ੍ਹ ਤੋਂ ਮੋਬਾਇਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਫਗਵਾੜਾ ਦੇ ਲੋਕਾਂ ਤੇ ਹਲਕੇ ਦੇ ਵਿਕਾਸ ਨਾਲ ਸਬੰਧਤ ਹਰੇਕ ਮੁੱਦੇ ਨੂੰ ਪੁਰਜ਼ੋਰ ਤਰੀਕੇ ਦੇ ਨਾਲ ਸਦਨ ਵਿਚ ਉਠਾਉਣਗੇ। ਹਾਲਾਂਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਵੀ ਕੀਤਾ ਤੇ ਕਿਹਾ ਕਿ ਜਿਸ ਸਰਕਾਰ ਨੇ ਪਿਛਲੇ ਚਾਰ ਸਾਲ ਦੌਰਾਨ ਵਿਕਾਸ ਦਾ ਕੋਈ ਕੰਮ ਨਹੀਂ ਕਰਵਾਇਆ ਤੇ ਜਨਤੱਕ ਮੁੱਦਿਆਂ ਨੂੰ ਅਣਗੌਲਿਆ ਹੈ, ਉਸ ਤੋਂ ਇਸ ਆਖਰੀ ਸਾਲ ਦੇ ਕੁੱਝ ਮਹੀਨਿਆਂ ਵਿਚ ਵੀ ਕੋਈ ਆਸ ਨਹੀਂ ਕੀਤੀ ਜਾ ਸਕਦੀ ਪਰ ਵਿਧਾਨਸਭਾ ਵਿਚ ਜਨਤਾ ਦੀ ਆਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਫਰਜ਼ ਹੈ, ਜਿਸਨੂੰ ਉਹ ਨਿਭਾਉਣ ਦਾ ਹਰ ਸੰਭਵ ਯਤਨ ਕਰ ਰਹੇ ਹਨ।