ਮਿੱਠੜਾ ਕਾਲਜ ਦੇ ਵਿਦਿਆਰਥੀਆਂ ‘ਟੈਕ–ਟਾਈਟਨਜ਼’ ਮੁਕਾਬਲਿਆਂ ’ਚ ਮਾਰੀ ਬਾਜ਼ੀ
ਮਿੱਠੜਾ ਕਾਲਜ ਦੇ ਵਿਦਿਆਰਥੀਆਂ ਨੇ ‘ਟੈਕ–ਟਾਈਟਨਜ਼’ ਮੁਕਾਬਲਿਆਂ ਵਿੱਚ ਮਾਰੀ ਬਾਜ਼ੀ
Publish Date: Fri, 20 Feb 2026 08:32 PM (IST)
Updated Date: Fri, 20 Feb 2026 08:33 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਦੇ ਵਿਦਿਆਰਥੀਆਂ ਨੇ ਲਾਇਲਪੁਰ ਖਾਲਸਾ ਕਾਲਜ, ਕਪੂਰਥਲਾ ਵਿਖੇ ‘ਟੈਕ–ਟਾਈਟਨਜ਼’ ਥੀਮ ਅਧੀਨ ਕਰਵਾਏ ਗਏ ਅਕਾਦਮਿਕ ਤੇ ਤਕਨੀਕੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਬਿਜ਼ਨੈੱਸ ਕੁਇਜ਼, ਆਈਟੀ ਕਵਿਜ਼, ਪਾਵਰਪੋਇੰਟ ਪ੍ਰਜ਼ੈਂਟੇਸ਼ਨ, ਆਨ ਦਿ ਸਪਾਟ ਸਪੀਕਿੰਗ ਤੇ ਕਨਟੈਂਟ (ਰੀਲ) ਮੇਕਿੰਗ ਵਰਗੀਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਸ਼ਾਮਲ ਸਨ, ਜਿਨ੍ਹਾਂ ਵਿਚ ਮਿੱਠੜਾ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ਦੱਸਿਆ ਕਿ ਕਾਲਜ ਦੇ ਬੀਐੱਸਸੀ ਦੂਜੇ ਸਾਲ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ‘ਆਨ ਦਿ ਸਪਾਟ ਸਪੀਕਿੰਗ’ ਮੁਕਾਬਲੇ ਵਿਚ ਤੇ ਮਨਮੀਤ ਕੌਰ ਨੇ ਪਾਵਰਪੁਆਇੰਟ ਪ੍ਰਜ਼ੈਂਟੇਸ਼ਨ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ। ਇਸੇ ਤਰ੍ਹਾਂ ਬੀਕਾਮ ਦੂਜੇ ਸਾਲ ਦੀਆਂ ਨਵਰੂਪ ਕੌਰ ਤੇ ਕੋਮਲਪ੍ਰੀਤ ਕੌਰ ਤੇ ਬੀਕਾਮ ਫਾਈਨਲ ਦੀ ਹਰਲੀਨ ਕੌਰ ਦੀ ਟੀਮ ਨੇ ਬਿਜ਼ਨੈੱਸ ਕੁਇਜ਼ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਭਾਗ ਲੈਣ ਤੇ ਜੇਤੂ ਰਹਿਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਉਪਲਬਧੀਆਂ ਸਾਬਤ ਕਰਦੀਆਂ ਹਨ ਕਿ ਕਾਲਜ ਦੇ ਵਿਦਿਆਰਥੀ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਤੇ ਤਕਨੀਕੀ ਸਮਝ ਦਾ ਪ੍ਰਦਰਸ਼ਨ ਕਰਨ ਵਿਚ ਸਮਰੱਥ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਮਾਨਯੋਗ ਉਪ ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਤੇ ਪ੍ਰੋ. ਡਾ. ਸਰੋਜ ਅਰੋੜਾ, ਡੀਨ ਕਾਲਜਿਜ਼ ਡਿਵੈੱਲਪਮੈਂਟ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਯੂਨੀਵਰਸਿਟੀ ਵੱਲੋਂ ਕਾਲਜਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ, ਜਿਸ ਲਈ ਕਾਲਜ ਪਰਿਵਾਰ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਕਾਮਰਸ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਤੇ ਵਿਗਿਆਨ ਵਿਭਾਗ ਦੀ ਮੁਖੀ ਡਾ. ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿਚ ਪ੍ਰਤੀਯੋਗੀ ਭਾਵਨਾ, ਤਕਨੀਕੀ ਯੋਗਤਾਵਾਂ ਤੇ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ। ਕੰਪਿਊਟਰ ਵਿਭਾਗ ਤੋਂ ਗੁਰਮੁਖ ਸਿੰਘ ਨੇ ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਸੁਚੱਜੇ ਢੰਗ ਨਾਲ ਨਿਭਾਈ ਤੇ ਉਨ੍ਹਾਂ ਨੂੰ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਅੰਗਰੇਜ਼ੀ ਵਿਭਾਗ ਤੋਂ ਅਮਰਦੀਪ ਸਿੰਘ ਨੇ ਵਿਦਿਆਰਥੀਆਂ ਦੀ ਚੋਣ ਤੇ ਸਿਖਲਾਈ ਵਿਚ ਅਹਿਮ ਭੂਮਿਕਾ ਨਿਭਾਈ।