ਐੱਸਐੱਸਪੀ ਦੀ ਅਗਵਾਈ ਹੇਠ ਫਗਵਾੜਾ ’ਚ ਚਲਾਇਆ ਗਿਆ ਮਿਸ਼ਨ ਪ੍ਰਹਾਰ
ਐਸ ਐਸ ਪੀ ਗੌਰਵ ਤੂਰਾ ਦੀ ਅਗਵਾਈ ਹੇਠ ਫਗਵਾੜਾ ਚ ਚਲਾਇਆ ਗਿਆ ਮਿਸ਼ਨ ਪਰਹਾਰ
Publish Date: Thu, 12 Feb 2026 07:26 PM (IST)
Updated Date: Thu, 12 Feb 2026 07:29 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਐੱਸਐੱਸਪੀ ਗੌਰਵ ਤੂਰਾ ਵੱਲੋਂ ਗੈਂਗਸਟਰਾਂ ’ਤੇ ਵਾਰ ‘ਮਿਸ਼ਨ ਪ੍ਰਹਾਰ-1’ ਤਹਿਤ ਫਗਵਾੜਾ ਵਿਚ ਪੂਰੀ ਰਾਤ ਚੈਕਿੰਗ ਕੀਤੀ ਗਈ। ਫਗਵਾੜਾ ਸ਼ਹਿਰ ਵਿਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਤੇ ਅਪਰਾਧਿਕ ਗਤੀਵਿਧੀਆਂ ‘ਤੇ ਨਕੇਲ ਪਾਉਣ ਦੇ ਉਦੇਸ਼ ਨਾਲ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਵੱਲੋਂ ‘ਮਿਸ਼ਨ ਪ੍ਰਹਾਰ-1’ ਤਹਿਤ ਪੂਰੀ ਰਾਤ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸ਼ਹਿਰ ਦੇ ਮੁੱਖ ਚੌਰਾਹਿਆਂ, ਸੰਵੇਦਨਸ਼ੀਲ ਇਲਾਕਿਆਂ ਤੇ ਆਉਣ-ਜਾਣ ਵਾਲੇ ਰਸਤੇਆਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਤੇ ਸ਼ੱਕੀ ਵਿਅਕਤੀਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਐੱਸਐੱਸਪੀ ਗੌਰਵ ਤੂਰਾ ਖੁਦ ਮੈਦਾਨ ਵਿਚ ਉਤਰ ਕੇ ਪੁਲਿਸ ਟੀਮਾਂ ਦੀ ਅਗਵਾਈ ਕਰਦੇ ਨਜ਼ਰ ਆਏ ਤੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਕਿ ਕਾਨੂੰਨ ਤੋੜਨ ਵਾਲਿਆਂ ਨਾਲ ਕਿਸੇ ਵੀ ਕਿਸਮ ਦੀ ਰਿਆਇਤ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਮਨ-ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅੰਸਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜਿਹੇ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਦੌਰਾਨ ਦਸਤਾਵੇਜ਼ਾਂ ਦੀ ਜਾਂਚ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ‘ਤੇ ਨਿਗਰਾਨੀ ਤੇ ਰਾਤ ਦੇ ਸਮੇਂ ਬੇਵਜ੍ਹਾ ਘੁੰਮਣ ਵਾਲੇ ਸ਼ੱਕੀ ਤੱਤਾਂ ਦੀ ਪੜਤਾਲ ਕੀਤੀ ਗਈ। ਪੁਲਿਸ ਵੱਲੋਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਤੇ ਕਿਸੇ ਵੀ ਗਲਤ ਗਤੀਵਿਧੀ ਤੋਂ ਦੂਰ ਰਹਿਣ। ਐੱਸਐੱਸਪੀ ਨੇ ਕਿਹਾ ਕਿ ‘ਮਿਸ਼ਨ ਪ੍ਰਹਾਰ-1’ ਅਗਾਮੀ ਦਿਨਾਂ ਵਿਚ ਵੀ ਲਗਾਤਾਰ ਜਾਰੀ ਰਹੇਗਾ ਤੇ ਜ਼ਿਲ੍ਹੇ ਵਿਚ ਅਪਰਾਧ ਨੂੰ ਜੜੋਂ ਖਤਮ ਕਰਨ ਲਈ ਪੁਲਿਸ ਵਚਨਬੱਧ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸੂਚਨਾ ਦੇਣ। ਇਸ ਅਭਿਆਨ ਨਾਲ ਸ਼ਹਿਰ ਵਿਚ ਕਾਨੂੰਨ-ਵਿਵਸਥਾ ਪ੍ਰਤੀ ਲੋਕਾਂ ਵਿਚ ਭਰੋਸਾ ਹੋਰ ਮਜ਼ਬੂਤ ਹੋਇਆ ਹੈ ਤੇ ਪੁਲਿਸ ਦੀ ਸਖ਼ਤੀ ਨਾਲ ਸ਼ਰਾਰਤੀ ਅੰਸਰਾਂ ਵਿਚ ਹੜਕੰਪ ਮਚ ਗਿਆ। ਇਸ ਮੌਕੇ ਐੱਸਪੀ ਮਾਧਵੀ ਸ਼ਰਮਾ, ਡੀਐੱਸਪੀ ਭਾਰਤ ਭੂਸ਼ਨ ਸਮੇਤ ਹੋਰ ਮੁਲਾਜ਼ਮ ਮੌਜੂਦ ਸਨ।