ਮੀਰੀ-ਪੀਰੀ ਚੌਕ ਰੱਖਿਆ ਜਾਵੇ ਪੇਪਰ ਚੌਕ ਦਾ ਨਾਮ : ਜਥੇ. ਜਸਪਾਲ ਸਿੰਘ
ਮੀਰੀ-ਪੀਰੀ ਚੌਕ ਰੱਖਿਆ ਜਾਵੇ ਫਗਵਾੜਾ ਦੇ ਪੇਪਰ ਚੌਕ ਦਾ ਨਾਮ - ਜੱਥੇਦਾਰ ਬਾਬਾ ਜਸਪਾਲ ਸਿੰਘ
Publish Date: Sat, 21 Mar 2026 08:41 PM (IST)
Updated Date: Sat, 21 Mar 2026 08:43 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਪੇਪਰ ਚੌਕ (ਗੋਲ ਚੌਕ) ਦੇ ਨਾਮਕਰਣ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਦੋ ਧਿਰਾਂ ਵਿਚਕਾਰ ਚੱਲ ਰਹੇ ਵਿਵਾਦ ਨੂੰ ਦੇਖਦੇ ਹੋਏ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਫਗਵਾੜਾ ਦੇ ਸਰਕਲ ਜਥੇਦਾਰ ਬਾਬਾ ਜਸਪਾਲ ਸਿੰਘ ਅਕਾਲੀ (ਚਾਚੋਕੀ) ਨੇ ਨਗਰ ਨਿਗਮ ਫਗਵਾੜਾ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਚੌਕ ਦਾ ਨਾਮ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫਲਸਫੇ ਮੁਤਾਬਕ ਮੀਰੀ-ਪੀਰੀ ਚੌਕ ਰੱਖ ਕੇ ਵਿਵਾਦ ਦੀ ਸਮਾਪਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਕ ਧਿਰ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਤੇ ਦੂਸਰੀ ਧਿਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ’ਤੇ ਚੌਕ ਦਾ ਨਾਮ ਰੱਖਣ ਨੂੰ ਲੈ ਕੇ ਬਜਿੱਦ ਹੈ। ਇਸੇ ਗੱਲ ਨੂੰ ਲੈ ਕੇ ਸਾਲ 2018 ਵਿਚ ਦੋਵੇਂ ਧਿਰਾਂ ਵਿਚਕਾਰ ਖੂਨ-ਖਰਾਬਾ ਵੀ ਹੋ ਚੁੱਕਾ ਹੈ। ਸ਼ਹਿਰ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ ਕਿ ਕਿਸੇ ਐਸੇ ਨਾਮ ‘ਤੇ ਸਹਿਮਤੀ ਬਣਾਈ ਜਾਵੇ, ਜੋ ਸਭ ਲਈ ਸਤਿਕਾਰਯੋਗ ਹੋਵੇ। ਉਨ੍ਹਾਂ ਕਿਹਾ ਕਿ ਫਗਵਾੜਾ ਦੀ ਧਰਤੀ ਛੇਵੀਂ ਪਾਤਸ਼ਾਹੀ ਦੀ ਚਰਨ-ਛੋਹ ਪ੍ਰਾਪਤ ਧਰਤੀ ਹੈ ਤੇ ਇਹ ਪੇਪਰ ਚੌਕ ਨੈਸ਼ਨਲ ਹਾਈਵੇ ਨੂੰ ਵਾਇਆ ਬੰਗਾ ਰੋਡ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਵੀ ਜੋੜਦਾ ਹੈ। ਇਸ ਲਈ ਇਸ ਚੌਕ ਦਾ ਨਾਮ ਮੀਰੀ-ਪੀਰੀ ਚੌਕ ਰੱਖਣਾ ਇਤਿਹਾਸਕ ਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਹੀ ਉਚਿਤ ਤੇ ਮਾਨਯੋਗ ਹੈ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦਾ ਸਿਧਾਂਤ ਸਿਰਫ ਧਾਰਮਿਕ ਹੀ ਨਹੀਂ ਸਗੋਂ ਸਮਾਜਿਕ ਤੇ ਰਾਜਨੀਤਿਕ ਸੰਤੁਲਨ ਦਾ ਪ੍ਰਤੀਕ ਹੈ, ਜੋ ਸਮਾਜ ਵਿਚ ਨਿਆਂ, ਸ਼ਾਂਤੀ ਤੇ ਏਕਤਾ ਦਾ ਸੰਦੇਸ਼ ਦਿੰਦਾ ਹੈ। ਇਸ ਨਾਲ ਕਿਸੇ ਵੀ ਧਿਰ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੇਗੀ ਤੇ ਸ਼ਹਿਰ ਵਿਚ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ। ਜਥੇਦਾਰ ਬਾਬਾ ਜਸਪਾਲ ਸਿੰਘ ਨੇ ਨਗਰ ਨਿਗਮ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਤੋਂ ਜਲਦ ਫੈਸਲਾ ਕੀਤਾ ਜਾਵੇ ਤਾਂ ਜੋ ਲੰਮੇ ਸਮੇਂ ਤੋਂ ਚੱਲ ਰਿਹਾ ਇਹ ਵਿਵਾਦ ਖਤਮ ਹੋ ਸਕੇ ਤੇ ਸ਼ਹਿਰ ਵਿਚ ਅਮਨ-ਸ਼ਾਂਤੀ ਦਾ ਮਾਹੌਲ ਬਣਿਆ ਰਹੇ।