ਨਾਬਾਲਗਾਂ ਵੱਲੋਂ ਵਾਹਨ ਚਲਾਉਣਾ ਬਣ ਰਿਹਾ ਖ਼ਤਰਾ, ਲੋਕਾਂ ਨੇ ਪ੍ਰਗਟਾਈ ਚਿੰਤਾ
ਸੁਲਤਾਨਪੁਰ ਲੋਧੀ ਇਲਾਕੇ ਵਿੱਚ ਨਾਬਾਲਗਾਂ ਵੱਲੋਂ ਵਾਹਨ ਚਲਾਉਣਾ ਬਣ ਰਿਹਾ ਖ਼ਤਰਾ, ਲੋਕਾਂ ਨੇ ਕੀਤੀ ਚਿੰਤਾ ਜ਼ਾਹਿਰ
Publish Date: Wed, 22 Apr 2026 09:28 PM (IST)
Updated Date: Thu, 23 Apr 2026 04:11 AM (IST)

ਕੈਪਸ਼ : 22ਕੇਪੀਟੀ31 ਸੁਲਤਾਨਪੁਰ ਲੋਧੀ ਦੇ ਪੈਟਰੋਲ ਪੰਪ ਦੇ ਕੋਲ ਇੱਕ ਨਾਬਾਲਗ ਪਰਵਾਸੀ ਮਜਦੂਰ ਜੁਗਾੜੂ ਰੇਹੜੀ ਚਲਾਉਂਦਾ ਹੋਇਆ । ਕੈਪਸ਼ : 22ਕੇਪੀਟੀ32,33 ਪਿੰਡ ਡਡਵਿੰਡੀ ਵਿਖੇ ਚਾਰ ਨਾਬਾਲਗ ਬੱਚੇ ਦੋ ਪਹੀਆ ਵਾਹਨ ਚਲਾਉਣ ਸਮੇਂ । ਕੈਪਸ਼ : 22ਕੇਪੀਟੀ34 ਐਸਐਚਓ ਸ੍ਰ ਹਰਿੰਦਰ ਸਿੰਘ ਦੀ ਫ਼ੋਟੋ । ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸੁਲਤਾਨਪੁਰ ਲੋਧੀ, ਡਡਵਿੰਡੀ ਤੇ ਨੇੜਲੇ ਪਿੰਡਾਂ ਤੇ ਸ਼ਹਿਰਾਂ ’ਚ ਨਾਬਾਲਗ ਬੱਚਿਆਂ ਵੱਲੋਂ ਦੋਪਹੀਆ ਵਾਹਨਾਂ ਤੇ ਜੁਗਾੜੂ ਰੇਹੜੀਆਂ ਦੀ ਵਰਤੋਂ ’ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ, ਜੋ ਕਿ ਸੜਕ ਸੁਰੱਖਿਆ ਲਈ ਗੰਭੀਰ ਖ਼ਤਰਾ ਬਣਦਾ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਇਸ ਮਾਮਲੇ ‘ਤੇ ਗੰਭੀਰ ਚਿੰਤਾ ਜਤਾਈ ਹੈ ਤੇ ਕਿਹਾ ਹੈ ਕਿ ਇਹ ਰੁਝਾਨ ਕਈ ਹਾਦਸਿਆਂ ਨੂੰ ਜਨਮ ਦੇ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਕਸਰ ਨਾਬਾਲਗ ਲੜਕੇ/ਲੜਕੀਆਂ ਬਿਨਾਂ ਲਾਇਸੈਂਸ ਤੇ ਬਿਨਾਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਤੋਂ ਵਾਹਨ ਚਲਾਉਂਦੇ ਨਜ਼ਰ ਆਉਂਦੇ ਹਨ, ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੀ ਆਪਣੀ ਜਾਨ ਨੂੰ ਖ਼ਤਰਾ ਹੈ, ਸਗੋਂ ਹੋਰ ਰਾਹਗੀਰਾਂ ਲਈ ਵੀ ਮੁਸੀਬਤ ਪੈਦਾ ਹੋ ਰਹੀ ਹੈ। ਖਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜੁਗਾੜੂ ਰੇਹੜੀਆਂ ਦੀ ਬੇਤਹਾਸਾ ਵਰਤੋਂ ਹੋਰ ਵੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਸ ਮੌਕੇ ਸਮਾਜ ਸੇਵੀਆਂ ਅਤੇ ਜਾਗਰੂਕ ਨਾਗਰਿਕਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਦੇਣ ਅਤੇ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ। ਉਨ੍ਹਾਂ ਨੇ ਕਿਹਾ ਕਿ ਮਾਪਿਆਂ ਦੀ ਛੋਟੀ ਜਿਹੀ ਲਾਪਰਵਾਹੀ ਨਾਲ ਕਈ ਕੀਮਤੀ ਜਾਨਾਂ ਖ਼ਤਰੇ ਵਿੱਚ ਪੈ ਸਕਦੀਆਂ ਹਨ। ਇਸਦੇ ਨਾਲ ਹੀ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਵੀ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਖ਼ਾਸ ਮੁਹਿੰਮ ਚਲਾ ਕੇ ਨਾਬਾਲਗਾਂ ਵੱਲੋਂ ਵਾਹਨ ਚਲਾਉਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਵਲੋ ਸੁਲਤਾਨਪੁਰ ਲੋਧੀ ਟ੍ਰੈਫਿਕ ਪੁਲਿਸ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸਕੂਲਾਂ ਅਤੇ ਪਿੰਡਾਂ ਵਿੱਚ ਜਾ ਕੇ ਟ੍ਰੈਫਿਕ ਜਾਗਰੂਕਤਾ ਮੁਹਿੰਮ ਚਲਾਉਣ। ਇਲਾਕਾ ਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਸਮੇਂ ‘ਤੇ ਇਸ ਮਸਲੇ ਨੂੰ ਨਾ ਰੋਕਿਆ ਗਿਆ ਤਾਂ ਭਵਿੱਖ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰ ਸਕਦੀ ਹੈ। ਇਸ ਸਬੰਧੀ ਐਸਐੱਚਓ ਹਰਿੰਦਰ ਸਿੰਘ ਥਾਣਾ ਸੁਲਤਾਨਪੁਰ ਲੋਧੀ ਨੇ ਗੱਲਬਾਤ ਕਰਦਿਆ ਕਿਹਾ ਹੈ ਕਿ ਪਹਿਲਾਂ ਅਸੀਂ ਨਾਬਾਲਗ ਬੱਚਿਆਂ, ਜਿਹੜੇ ਦੋਪਹੀਆ ਵਾਹਨ ਚਲਾ ਰਹੇ ਹਨ, ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਾਂਗੇ ਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਸਮਝਾਵਾਂਗੇ ਅਤੇ ਜੇਕਰ ਫਿਰ ਵੀ ਕਿਸੇ ਨੇ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਬਾਲਗ ਬੱਚਿਆਂ ਨੂੰ ਦੋਪਹੀਆ ਵਾਹਨ ਚਲਾਉਣ ਦੀ ਆਗਿਆ ਦਿੱਤੀ ਤਾਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।