ਮਿਡ ਡੇ ਮੀਲ ਵਰਕਰ ਬਣੀਆਂ ਦੇਸ਼ ਵਿਆਪੀ ਹੜਤਾਲ ਦਾ ਹਿੱਸਾ
ਮਿਡ ਡੇ ਮੀਲ ਵਰਕਰ ਬਣੀਆਂ ਦੇਸ਼ ਵਿਆਪੀ ਹੜਤਾਲ ਦਾ ਹਿੱਸਾ
Publish Date: Thu, 12 Feb 2026 07:43 PM (IST)
Updated Date: Thu, 12 Feb 2026 07:45 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਿਡ ਡੇ ਮੀਲ ਵਰਕਰਜ਼ ਯੂਨੀਅਨ ਫਗਵਾੜਾ ਨੇ ਅੱਜ ਭਰਵਾਂ ਇਕੱਠ ਕਰਕੇ ਟਾਊਨ ਹਾਲ ਫਗਵਾੜਾ ਤੋਂ ਕਚਹਿਰੀ ਚੌਂਕ ਤੱਕ ਮਾਰਚ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਉਪਰੰਤ ਉਨ੍ਹਾਂ ਕੇਂਦਰ ਤੇ ਪੰਜਾਬ ਦੋਵਾਂ ਸਰਕਾਰਾਂ ਦਾ ਪੁਤਲਾ ਫੂਕਿਆ। ਇਸ ਮੌਕੇ ਬੋਲਦਿਆਂ ਯੂਨੀਅਨ ਆਗੂਆਂ ਰਾਜਵਿੰਦਰ ਕੌਰ, ਅਨੀਤਾ ਦੇਵੀ, ਰਾਜ ਕੌਰ, ਮੋਹਨਜੀਤ ਕੌਰ, ਬਲਵਿੰਦਰ ਕੌਰ ਆਦਿ ਨੇ ਕਿਹਾ ਕਿ ਅੱਜ ਅਸੀਂ ਕੇਂਦਰੀ ਟਰੇਡ ਯੂਨੀਅਨ ਦੇ ਹੜਤਾਲ ਦੇ ਸੱਦੇ ’ਤੇ ਆਪਣਾ ਕੰਮ ਠੱਪ ਕਰਕੇ ਸੜਕਾਂ ’ਤੇ ਆਏ ਹਾਂ। ਸਰਕਾਰ ਸਾਨੂੰ ਬਹੁਤ ਨਿਗੂਣਾ ਭੱਤਾ ਦੇ ਕੇ ਸਾਡੇ ਨਾਲ ਖਿਲਵਾੜ ਕਰ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਦੋਵੇਂ ਹੀ ਮਿਡ ਡੇ ਮੀਲ ਵਰਕਰਾਂ ਦਾ ਨਿੱਤ ਦਿਨ ਸ਼ੋਸ਼ਣ ਕਰ ਰਹੀਆਂ ਹਨ। ਅੱਜ ਕੱਲ ਦੇ ਮਹਿੰਗਾਈ ਦੇ ਦੌਰ ਵਿਚ ਕੇਵਲ 3000 ਰੁਪਏ ਭੱਤਾ ਦੇ ਕੇ ਉਸ ਨੂੰ ਮਾਣ ਭੱਤੇ ਦਾ ਨਾਮ ਦਿੱਤਾ ਜਾਂਦਾ ਹੈ ਜੋ ਕਿ ਕੋਝਾ ਮਜ਼ਾਕ ਹੀ ਹੈ। ਉਨ੍ਹਾਂ ਸਰਕਾਰਾਂ ਪਾਸੋਂ ਮੰਗ ਕੀਤੀ ਕਿ ਘੱਟੋ-ਘੱਟ ਉਜਰਤਾਂ ਅਨੁਸਾਰ ਉਨ੍ਹਾਂ ਦੀ ਤਨਖਾਹ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਸਿਹਤ ਬੀਮਾ ਤੇ ਜੀਵਨ ਬੀਮਾ ਮੁਫਤ ਕੀਤਾ ਜਾਵੇ। ਪੜੀਆਂ-ਲਿਖੀਆਂ ਵਰਕਰਾਂ ਨੂੰ ਤਰੱਕੀ ਦੇ ਕੇ ਕਲਾਸ ਫੋਰ ਕਰਮਚਾਰੀ ਬਣਾਇਆ ਜਾਵੇ ਤੇ ਹੋਰ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਡੀਐੱਮਐੱਫ ਆਗੂ ਗੁਰਮੁੱਖ ਲੋਕਪ੍ਰੇਮੀ ਤੇ ਡੀਟੀਐੱਫ ਆਗੂ ਮਲਕੀਤ ਸਿੰਘ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਹੋਰ ਤਿੱਖਾ ਤੇ ਵੱਡਾ ਕੀਤਾ ਜਾਵੇਗਾ। ਇਸ ਮੌਕੇ ਭਾਰੀ ਗਿਣਤੀ ਵਿਚ ਮਿਡ ਡੇ ਮੀਲ ਵਰਕਰ ਮੌਜੂਦ ਸਨ।