ਮਗਨਰੇਗਾ ਕਰਮਚਾਰੀ ਯੂਨੀਅਨ ਫਾਲਤੂ ਡਿਊਟੀਆਂ ਦਾ ਕਰੇਗੀ ਬਾਇਕਾਟ
ਮਗਨਰੇਗਾ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ
Publish Date: Tue, 17 Feb 2026 08:07 PM (IST)
Updated Date: Tue, 17 Feb 2026 08:09 PM (IST)
--ਏਡੀਸੀ (ਵਿ) ਵਰਿੰਦਰਪਾਲ ਸਿੰਘ ਬਾਜਵਾ ਨੂੰ ਸੌਂਪਿਆ ਮੰਗ ਪੱਤਰ
--ਕਰਮਚਾਰੀਆਂ ਦੀਆਂ ਵਾਧੂ ਕੰਮਾਂ ’ਚ ਡਿਊਟੀਆਂ ਨਾ ਲਗਾਈਆਂ ਜਾਣ : ਰਾਮ ਦਿੱਤਾ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਅੱਜ ਮਿਤੀ 17 ਫਰਵਰੀ ਨੂੰ ਸਮੂਹ ਮਗਨਰੇਗਾ ਕਰਮਚਾਰੀ ਯੂਨੀਅਨ ਕਪੂਰਥਲਾ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਰਾਮ ਦਿੱਤਾ ਜ਼ਿਲ੍ਹਾ ਪ੍ਰਧਾਨ ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਕਪੂਰਥਲਾ ਵੱਲੋਂ ਕੀਤੀ ਗਈ। ਇਸ ਮੌਕੇ ਵੱਖ-ਵੱਖ ਬਲਾਕਾਂ ਦੇ ਬਲਾਕ ਪ੍ਰਧਾਨਾਂ ਤੇ ਸਮੂਹ ਮਗਨਰੇਗਾ ਕਰਮਚਾਰੀਆਂ ਨੇ ਫੈਸਲਾ ਕੀਤਾ ਕਿ ਸਾਡੀਆਂ ਬਿਨਾ ਵਜ੍ਹਾ ਹੀ ਵੱਖ-ਵੱਖ ਕੰਮਾਂ ਵਿਚ ਡਿਊਟੀਆਂ ਲਗਾਈਆਂ ਜਾਂਦੀਆਂ ਹਨ, ਜਿਵੇਂ ਕਿ ਪੀਡੀਐੱਸ, ਫਸਲਾਂ ਨੂੰ ਅੱਗ ਨਾ ਲਗਾਉਣ ਸਬੰਧੀ, ਯੁੱਧ ਨਸ਼ਿਆ ਵਿਰੁੱਧ, ਸਰਕਾਰ ਦੀਆਂ ਰੈਲੀਆਂ ਵਿਚ ਬੱਸਾਂ ਭਰਨ ਲਈ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਹੋਰ ਕੰਮਾਂ ਵਿਚ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਇਨ੍ਹਾਂ ਡਿਊਟੀਆਂ ਸਬੰਧੀ ਮਗਨਰੇਗਾ ਕਰਮਚਾਰੀਆਂ ਵੱਲੋਂ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਂਦਾ ਹੈ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਰਾਮ ਦਿੱਤਾ ਦੀ ਅਗਵਾਈ ਵਿਚ ਇਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ (ਵਿ) ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਨੂੰ ਸੌਂਪਿਆ, ਜਿਸ ਵਿਚ ਦੱਸਿਆ ਕਿ ਉਹ ਪਹਿਲਾਂ ਵੀ ਆਪ ਦੇ ਧਿਆਨ ਵਿਚ ਲਿਆ ਚੁੱਕੇ ਹਨ ਕਿ ਮਗਨਰੇਗਾ ਸਟਾਫ ਦੀਆਂ ਵਾਧੂ ਕੰਮਾਂ ਵਿਚ ਵਾਰ-ਵਾਰ ਡਿਊਟੀਆਂ ਨਾ ਲਗਾਈਆਂ ਜਾਣ ਤੇ ਇਸ ਸਬੰਧੀ ਪਹਿਲਾਂ ਵੀ ਆਪ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਵੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਕੰਮ ਕਰਦੇ ਮਗਨਰੇਗਾ ਕਰਮਚਾਰੀਆਂ ਦੀਆਂ ਵਾਧੂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਜੇਕਰ ਆਪ ਵੱਲੋਂ ਡਿਊਟੀਆਂ ਨਾ ਨਿਭਾਈਆਂ ਗਈਆਂ ਤਾਂ ਆਪ ਨੂੰ ਨੌਕਰੀ ਤੋ ਕੱਢ ਦਿੱਤਾ ਜਾਵੇਗਾ। ਇਹ ਸਰਾਸਰ ਗਲਤ ਹੈ ਤੇ ਮਗਨਰੇਗਾ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸਾਡੇ ਕਰਮਚਾਰੀ ਸਵੇਰੇ 5 ਵਜੇ ਪਿੰਡਾਂ ਵਿਚ ਜਾਂਦੇ ਹਨ ਤੇ ਸਰਕਾਰ ਦੀਆਂ ਰੈਲੀਆਂ ’ਤੇ ਜਾਣ ਲਈ ਬੱਸਾਂ ਭਰਦੇ ਹਨ ਤੇ ਲੋਕਾਂ ਦੀਆਂ ਗੱਲਾਂ ਸੁਣਦੇ ਹਨ, ਜਿਸ ਕਾਰਣ ਦਿਮਾਗੀ ਤੌਰ ’ਤੇ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਜੇਕਰ ਕਿਸੇ ਵੀ ਮਗਨਰੇਗਾ ਕਰਮਚਾਰੀ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਦਿੱਤਾ ਤੋਂ ਇਲਾਵਾ ਸੁਰਜੀਤ ਕੁਮਾਰ ਜੀਆਰਐੱਸ, ਗੁਰਮੀਤ ਸਿੰਘ, ਸਰਜੀਤ ਕੁਮਾਰ, ਗੁਰਪ੍ਰੀਤ ਸਿੰਘ ਜੀਆਰਐੱਸ, ਰਘਬੀਰ ਸਿੰਘ, ਵਿਸ਼ਾਲ ਅਰੋੜਾ ਏਪੀਓ ਕਪੂਰਥਲਾ, ਚਰਨਜੀਤ ਏਪੀਓ ਸੁਲਤਾਨਪੁਰ ਲੋਧੀ, ਰਾਜੇਸ਼ ਰਾਏ, ਕਮਲਜੀਤ ਆਦਿ ਹਾਜ਼ਰ ਸਨ।