ਦੰਦੂਪੁਰ ਸਕੂਲ ਦੀਆਂ ਕੰਧਾਂ ’ਤੇ ਲੱਗੇ ਮੀਟਰਾਂ ਦੇ ਬਕਸੇ ਦੇ ਰਹੇ ਵੱਡੇ ਹਾਦਸੇ ਨੂੰ ਸੱਦਾ
ਦੰਦੂਪੁਰ ਸਕੂਲ ਦੀਆਂ ਦੀਵਾਰਾਂ ਨਾਲ ਲੱਗੇ ਮੀਟਰਾਂ ਦੇ ਬਕਸੇ ਦੇ ਰਹੇ ਵੱਡੇ ਹਾਦਸੇ ਨੂੰ ਸੱਦਾ
Publish Date: Thu, 22 Jan 2026 07:21 PM (IST)
Updated Date: Thu, 22 Jan 2026 07:24 PM (IST)
ਪਾਵਰ ਕਾਰਪੋਰੇਸ਼ਨ ਕੁੰਭਕਰਨੀ ਨੀਂਦ ਸੁੱਤਾ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਬਿਜਲੀ ਵਿਭਾਗ ਵੱਲੋਂ ਪਿੰਡ ਦੰਦੂਪੁਰ ਵਿਖੇ ਮੀਟਰਾਂ ਦੇ ਬਕਸੇ ਸਰਕਾਰੀ ਐਲੀਮੈਂਟਰੀ ਸਕੂਲ ਦੰਦੂਪੁਰ ਦੀਆਂ ਕੰਧਾਂ ’ਤੇ ਲਗਾਏ ਗਏ ਹਨ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸਕੂਲ ਮੁਖੀ ਸੁਖਵਿੰਦਰ ਸਿੰਘ, ਬਿਸ਼ੰਬਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਲਿਖਤੀ ਸ਼ਿਕਾਇਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧੀਨ ਆਉਂਦੇ ਦਫਤਰ ਟਿੱਬਾ ਵਿਖੇ ਐੱਸਡੀਓ ਤੇ ਸਬੰਧਤ ਕਰਮਚਾਰੀਆਂ ਨੂੰ ਦੇ ਚੁੱਕੇ ਹਾਂ, ਜਿਸ ਸਬੰਧੀ ਬਿਜਲੀ ਵਿਭਾਗ ਦੇ ਮੁਲਾਜ਼ਮ ਆ ਕੇ ਦੇਖ ਜਾਂਦੇ ਹਨ ਪ੍ਰੰਤੂ ਇਨ੍ਹਾਂ ਮੀਟਰਾਂ ਨੂੰ ਕੰਧਾਂ ਤੋਂ ਲਾਹੁੰਦੇ ਨਹੀਂ। ਉਨ੍ਹਾਂ ਦੱਸਿਆ ਕਿ ਜਦੋਂ ਬਾਰਿਸ਼ ਹੁੰਦੀ ਹੈ, ਤਾਂ ਕਈ ਵਾਰ ਸਕੂਲ ਦੀਆਂ ਕੰਧਾਂ ਵਿਚ ਕਰੰਟ ਆਉਂਦਾ ਹੈ, ਜਿਸ ਨਾਲ ਕਿਸੇ ਸਮੇਂ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਦੂਜੇ ਪਾਸੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਸਾਰੇ ਮਾਮਲੇ ’ਤੇ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵਾਰ-ਵਾਰ ਉਕਤ ਸਾਰਾ ਮਾਮਲਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਉਨ੍ਹਾਂ ਵੱਲ਼ੋਂ ਮੀਟਰਾਂ ਦੇ ਬਕਸੇ ਹੋਰ ਜਗ੍ਹਾ ਸ਼ਿਫਟ ਕਰਨ ਲਈ ਕੋਈ ਵੀ ਪੁਖਤਾ ਕਦਮ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਸਬੰਧੀ ਜੇਕਰ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਇਸਦੇ ਜ਼ਿੰਮੇਵਾਰ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸਬੰਧਤ ਅਧਿਕਾਰੀ ਹੋਣਗੇ। ਇਸ ਸਬੰਧੀ ਅਧਿਆਪਕ ਜਥੇਬੰਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਟਿੱਬਾ ਸਥਿਤ ਦਫਤਰ ਦਾ ਘਿਰਾਓ ਕਰੇਗੀ।