ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਨੇਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਕੀਤੀ ਮੀਟਿੰਗ
ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਵੱਲੋਂ ਵਪਾਰੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਕਰਵਾਈ ਗਈ ਮੀਟਿੰਗ
Publish Date: Mon, 06 Apr 2026 10:09 PM (IST)
Updated Date: Mon, 06 Apr 2026 10:11 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਸਾਹਿਬ ਦੇ ਕਾਨਫਰੰਸ ਹਾਲ ਵਿਚ ਡੀਸੀ ਅਮਿਤ ਕੁਮਾਰ ਪੰਚਾਲ, ਐੱਸਐੱਸਪੀ ਗੌਰਵ ਤੂਰਾ ਤੇ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਕਪੂਰਥਲਾ) ਦੇ ਜ਼ਿਲ੍ਹਾ ਚੇਅਰਮੈਨ ਕੰਵਰ ਇਕਬਾਲ ਸਿੰਘ, ਅਸਿਸਟੈਂਟ ਕਮਿਸ਼ਨਰ ਕਿਰਪਾਲ ਵੀਰ ਸਿੰਘ, ਏਡੀਸੀ ਵਿਕਾਸ ਵਰਿੰਦਰ ਪਾਲ ਸਿੰਘ ਬਾਜਵਾ ਸਮੇਤ ਲਕਸ਼ ਚੌਧਰੀ ਚੇਅਰਮੈਨ ਹਲਕਾ ਭੁਲੱਥ, ਜਰਨੈਲ ਸਿੰਘ ਮਰਵਾਹਾ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਸੁਲਤਾਨਪੁਰ ਲੋਧੀ, ਸੁਸ਼ੀਲ ਕੁਮਾਰ ਬੋਬੀ ਚਮ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਫਗਵਾੜਾ, ਰਮਨ ਮਲਹੋਤਰਾ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਕਪੂਰਥਲਾ ਆਦਿ ਦੀ ਅਗਵਾਈ ਹੇਠ ਹੋਈ। ਵਿੱਤ ਮੰਤਰੀ ਪੰਜਾਬ ਐਡਵੋਕੇਟ ਹਰਪਾਲ ਸਿੰਘ ਚੀਮਾ ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਤੇ ਅਨਿਲ ਠਾਕੁਰ ਵਾਈਸ ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਵੱਲੋਂ ਪੂਰੇ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਵਪਾਰੀਆਂ ਤੇ ਸਰਕਾਰੀ ਅਧਿਕਾਰੀਆਂ ਦੀਆਂ ਮੀਟਿੰਗਾਂ ਵਿਚ ਵਪਾਰੀਆਂ ਵੱਲੋਂ ਲਿਖਤੀ ਰੂਪ ਵਿਚ ਦਿੱਤੀਆਂ ਜਾ ਰਹੀਆਂ ਸ਼ਿਕਾਇਤਾਂ ਜੋ ਕਿ ਪੰਜਾਬ ਸਰਕਾਰ ਦੇ ਪੋਰਟਲ ’ਤੇ ਆਨਲਾਈਨ ਦਰਜ ਹਨ ਦੇ ਨਿਵਾਰਨ ਸਬੰਧੀ ਨਗਰ ਨਿਗਮ ਕਪੂਰਥਲਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸਿਵਲ ਸਰਜਨ, ਜ਼ਿਲ੍ਹਾ ਮਾਲ ਅਫ਼ਸਰ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਸਹਾਇਕ ਕਮਿਸ਼ਨਰ ਆਬਕਾਰੀ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਨਿਗਰਾਨ ਇੰਜੀਨੀਅਰ ਪੀਐੱਸਪੀਸੀਐੱਲ, ਕਾਰਜਕਾਰੀ ਇੰਜੀਨੀਅਰ ਲੋਨਿਵਿ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ, ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ)/(ਐਲੀਸਿ), ਜ਼ਿਲ੍ਹਾ ਭਲਾਈ ਅਫ਼ਸਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਸਹਾਇਕ ਕਿਰਤ ਕਮਿਸ਼ਨਰ ਕਪੂਰਥਲਾ ਆਦਿ ਵਿਭਾਗਾਂ ਤੋਂ ਆਏ ਅਧਿਕਾਰੀਆਂ ਤੋਂ ਵਪਾਰੀਆਂ ਵੱਲੋਂ ਲਿਖਤੀ ਰੂਪ ਵਿਚ ਆਈਆਂ 113 ਸ਼ਿਕਾਇਤਾਂ ਨੂੰ ਹੱਲ ਕਰਨ ਸਬੰਧੀ ਰਿਪੋਰਟ ਮੰਗੀ ਗਈ, ਜਿਸ ਬਾਬਤ ਹਰ ਅਧਿਕਾਰੀ ਨੇ ਆਪੋ-ਆਪਣਾ ਪੱਖ ਰੱਖ ਕੇ ਲਿਖਤੀ ਰੂਪ ਵਿਚ ਰਿਪੋਰਟ ਪੇਸ਼ ਕੀਤੀ। ਪੰਜਾਬ ਸਰਕਾਰ ਦੇ ਪੋਰਟਲ ’ਤੇ ਨਜ਼ਰ ਆ ਰਹੀਆਂ ਬਚਦੀਆਂ 76 ਸ਼ਿਕਾਇਤਾਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਹਰ ਵਿਭਾਗ ਨੂੰ ਛੇਤੀ ਤੋਂ ਛੇਤੀ ਬਚਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਹੁਕਮ ਦਿੱਤਾ। ਐੱਸਐੱਸਪੀ ਕਪੂਰਥਲਾ ਗੌਰਵ ਤੁਰਾ ਨੇ ਜਿਥੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੂੰ ਕੰਮ ਵਿਚ ਤੇਜ਼ੀ ਲਿਆਉਣ ਬਾਬਤ ਕਿਹਾ ਉਥੇ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਸ਼ਾਸਨਿਕ ਤੌਰ ’ਤੇ ਮੇਰੇ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ’ਤੇ ਬਹੁਤ ਹੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਮੋਟਰਸਾਈਕਲ, ਸਕੂਟਰ ਜਾਂ ਕਿਸੇ ਵੀ ਵਸਤੂ ਦੀ ਚੋਰੀ ਹੋਣ ਸਬੰਧੀ ਰਿਪੋਰਟ ਸਬੰਧਤ ਥਾਣੇ ਦੇ ਵਿਚ ਜ਼ਰੂਰ ਦਰਜ ਕਰਵਾਈ ਜਾਵੇ, ਕਿਸੇ ਵੀ ਵਪਾਰੀ ਨੂੰ ਕਿਸੇ ਵੱਲੋਂ ਕੋਈ ਧਮਕੀ ਪੱਤਰ ਜਾਂ ਧਮਕੀ ਭਰਿਆ ਫੋਨ ਆਵੇ, ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ ਖੋਹ ਦਾ ਮਾਮਲਾ ਹੋਵੇ ਤਾਂ ਫੌਰੀ ਤੌਰ ’ਤੇ ਕੀਤੀ ਲਿਖਤੀ ਸ਼ਿਕਾਇਤ ਉਪਰੰਤ ਹੀ ਉਨ੍ਹਾਂ ਦੇ ਵਿਭਾਗ ਵੱਲੋਂ ਕਾਰਵਾਈ ਕਰਕੇ ਦੋਸ਼ੀ ਨੂੰ ਸਲਾਖਾਂ ਪਿੱਛੇ ਭੇਜਿਆ ਜਾਂਦਾ ਹੈ ਤੇ ਪੀੜਤ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।